Woman falls from 12,000 feet without opening parachute, survives
12 ਹਜ਼ਾਰ ਫੁੱਟ ਦੀ ਉਚਾਈ ਤੋਂ ਬਿਨਾਂ ਪੈਰਾਸ਼ੂਟ ਖੁੱਲ੍ਹੇ ਡਿੱਗੀ ਮਹਿਲਾ, ਇੰਝ ਬਚੀ ਜਾਨ
ਲੰਡਨ (ਆਵਾਜ਼ਿ ਕੌਮ ਬਿਊਰੋ)- ਬ੍ਰਿਟੇਨ ਵਿੱਚ ਅਸਮਾਨ ਤੋਂ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਡਿੱਗਣ ਦੇ ਬਾਵਜੂਦ ਇੱਕ ਮਹਿਲਾ ਦੇ ਚਮਤਕਾਰੀ ਢੰਗ ਨਾਲ ਜ਼ਿੰਦਾ ਬਚਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨੌਟਿੰਘਮ ਦੇ ਨੇੜੇ ਲੈਂਗਰ ਏਅਰਫੀਲਡ ਵਿਖੇ ਸਕਾਡਾਈਵਿੰਗ ਦੌਰਾਨ ਇੱਕ 35 ਸਾਲਾ ਮਹਿਲਾ, ਹੋਲੀ ਵਿਫਨ, ਲਗਭਗ 12 ਹਜ਼ਾਰ ਫੁੱਟ ਦੀ ਉਚਾਈ ਤੋਂ ਬਿਨਾਂ ਪੈਰਾਸ਼ੂਟ ਖੁੱਲ੍ਹੇ ਸਿੱਧੀ ਹੇਠਾਂ ਆ ਡਿੱਗੀ, ਪਰ ਫਿਰ ਵੀ ਉਸ ਦੀ ਜਾਨ ਬਚ ਗਈ। ਰਿਪੋਰਟਾਂ ਅਨੁਸਾਰ ਇਹ ਘਟਨਾ ਬੀਤੀ 7 ਅਗਸਤ ਨੂੰ ਵਾਪਰੀ, ਜਦੋਂ ਹੋਲੀ ਆਪਣੇ ਗਰੁੱਪ ਨਾਲ ਸਕਾਡਾਈਵਿੰਗ ਕਰ ਰਹੀ ਸੀ। ਇਸ ਦੌਰਾਨ ‘ਟ੍ਰੈਕਿੰਗ’ ਨਾਮਕ ਤਕਨੀਕ ਰਾਹੀਂ ਤੇਜ਼ੀ ਨਾਲ ਹੇਠਾਂ ਆਉਂਦੇ ਸਮੇਂ ਹਵਾ ਵਿੱਚ ਹੀ ਇੱਕ ਦੂਜੇ ਸਕਾਡਾਈਵਰ ਦਾ ਪੈਰ ਹੋਲੀ ਦੇ ਸਿਰ ਵਿੱਚ ਬਹੁਤ ਜ਼ੋਰ ਨਾਲ ਵੱਜਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਬੇਹੋਸ਼ ਹੋਣ ਕਾਰਨ ਉਹ ਆਪਣਾ ਪੈਰਾਸ਼ੂਟ ਖੋਲ੍ਹਣ ਵਿੱਚ ਅਸਮਰੱਥ ਰਹੀ ਅਤੇ ਬਿਨਾਂ ਕਿਸੇ ਸਹਾਰੇ ਦੇ ਤੇਜ਼ ਰਫ਼ਤਾਰ ਨਾਲ ਹੇਠਾਂ ਵੱਲ ਡਿੱਗਣ ਲੱਗੀ। ਹੋਲੀ ਨੂੰ ਤੇਜ਼ੀ ਨਾਲ ਹੇਠਾਂ ਡਿੱਗਦੇ ਦੇਖ ਕੇ ਉਸ ਦੇ ਇੱਕ ਸਾਥੀ ਨੇ ਹਵਾ ਵਿੱਚ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਸਫ਼ਲਤਾ ਨਹੀਂ ਮਿਲੀ। ਲਗਭਗ 3,000 ਫੁੱਟ ਦੀ ਉਚਾਈ ‘ਤੇ ਪਹੁੰਚ ਕੇ ਉਸ ਸਾਥੀ ਨੂੰ ਆਪਣੀ ਜਾਨ ਬਚਾਉਣ ਲਈ ਆਪਣਾ ਪੈਰਾਸ਼ੂਟ ਖੋਲ੍ਹਣਾ ਪਿਆ। ਹੋਲੀ ਲਗਭਗ 10 ਹਜ਼ਾਰ ਫੁੱਟ ਦੀ ਦੂਰੀ ਬੇਹੋਸ਼ੀ ਦੀ ਹਾਲਤ ਵਿੱਚ ਤੈਅ ਕਰਦਿਆਂ ਸਿੱਧੀ ਹੇਠਾਂ ਆਈ। ਇਸ ਭਿਆਨਕ ਹਾਦਸੇ ਦਾ ਕੁਝ ਹਿੱਸਾ ਹੈਲਮੇਟ ਕੈਮਰੇ ਵਿੱਚ ਵੀ ਕੈਦ ਹੋਇਆ ਹੈ। ਅਖੀਰ ਹੋਲੀ ਨਿਰਧਾਰਿਤ ਲੈਂਡਿੰਗ ਵਾਲੀ ਥਾਂ ਦੀ ਬਜਾਏ ਇੱਕ ਰੁੱਖ ਨਾਲ ਜਾ ਟਕਰਾਈ। ਰੁੱਖ ਦੀਆਂ ਟਾਹਣੀਆਂ ਨੇ ਉਸ ਦੇ ਡਿੱਗਣ ਦੀ ਰਫ਼ਤਾਰ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦਿੱਤਾ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਹਸਪਤਾਲ ਲਿਜਾਣ ‘ਤੇ ਪਤਾ ਲੱਗਿਆ ਕਿ ਇਸ ਹਾਦਸੇ ਵਿੱਚ ਹੋਲੀ ਦੀ ਖੱਬੀ ਲੱਤ ਟੁੱਟ ਗਈ ਹੈ ਅਤੇ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਫ੍ਰੈਕਚਰ ਹੋਇਆ ਹੈ, ਜਦਕਿ ਸਰੀਰ ‘ਤੇ ਕਈ ਗੰਭੀਰ ਨੀਲੇ ਨਿਸ਼ਾਨ ਆਏ ਹਨ। ਹੋਲੀ ਨੇ ਦੱਸਿਆ ਕਿ ਉਸ ਨੂੰ ਹਵਾ ਵਿੱਚ ਡਿੱਗਣ ਵੇਲੇ ਇੰਝ ਲੱਗ ਰਿਹਾ ਸੀ ਜਿਵੇਂ ਉਹ ਕੋਈ ਸੁਪਨਾ ਦੇਖ ਰਹੀ ਹੋਵੇ ਅਤੇ ਉਸ ਨੂੰ ਅਗਲੀ ਗੱਲ ਸਿਰਫ਼ ਜ਼ਮੀਨ ‘ਤੇ ਹੋਸ਼ ਆਉਣ ਤੋਂ ਬਾਅਦ ਦੀ ਹੀ ਯਾਦ ਹੈ।

