By holding a rally on November 1, the Congress is rubbing salt into the wounds of the Sikhs: Kewal Singh Dhillon
1 ਨਵੰਬਰ ਨੂੰ ਰੈਲੀ ਨਾਲ ਕਾਂਗਰਸ ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕ ਰਹੀ ਹੈ : ਕੇਵਲ ਸਿੰਘ ਢਿੱਲੋਂ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)- ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ਪਾਰਟੀ ਵੱਲੋਂ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਨ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਵਾਲੀ ਹਰਕਤ ਹੈ। ਲੁਧਿਆਣਾ ਦੇ ਬੀਜੇਪੀ ਦਫ਼ਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 1 ਨਵੰਬਰ ਸਿੱਖ ਕੌਮ ਲਈ ਕੋਈ ਆਮ ਤਰੀਕ ਨਹੀਂ, ਇਹ ਸੋਗ ਦਾ ਦਿਨ ਹੈ। 1984 ਵਿੱਚ ਇਸੇ ਦਿਨ ਦਿੱਲੀ ਦੀਆਂ ਗਲੀਆਂ ਵਿੱਚ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ, ਗੁਰਦੁਆਰੇ ਸਾੜੇ ਗਏ ਅਤੇ ਘਰ ਉਜਾੜੇ ਗਏ। ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ। ਕਿੰਨੀਆਂ ਮਾਵਾਂ ਨੇ ਪੁੱਤ ਗੁਆਏ ਅਤੇ ਕਿੰਨੀਆਂ ਭੈਣਾਂ ਵਿਧਵਾ ਹੋਈਆਂ, ਇਸ ਦਾ ਕੋਈ ਹਿਸਾਬ ਨਹੀਂ।” ਇਸ ਮੌਕੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਸੂਬਾ ਖਜ਼ਾਨਚੀ ਗੁਰਦੇਵ ਸਿੰਘ ਦੇਬੀ, ਸੂਬਾ ਕੋਰ ਕਮੇਟੀ ਮੈਂਬਰ ਜੀਵਨ ਗੁਪਤਾ, ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਅਤੇ ਜਤਿੰਦਰ ਮਿੱਤਲ ਵੀ ਹਾਜ਼ਰ ਸਨ। ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਦਰਬਾਰ ਸਾਹਿਬ ‘ਤੇ ਹਮਲਾ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਅਤੇ ਫਿਰ ਨਵੰਬਰ 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਇਨ੍ਹਾਂ ਜ਼ਖ਼ਮਾਂ ਨੂੰ ਵਾਰ-ਵਾਰ ਕੁਰੇਦਣ ਦਾ ਕੰਮ ਵੀ ਕਾਂਗਰਸ ਨੇ ਹੀ ਕੀਤਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਮਿਲਣ ਵਿੱਚ 40 ਸਾਲ ਲੱਗ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਹੈ। ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਕਾਂਗਰਸ ਦੇ “ਵੋਟ ਬਚਾਓ, ਦੇਸ਼ ਬਚਾਓ” ਨਾਅਰੇ ‘ਤੇ ਤਨਜ਼ ਕੱਸਦਿਆਂ ਸ. ਢਿੱਲੋਂ ਨੇ ਕਿਹਾ, “ਜਿਸ ਪਾਰਟੀ ‘ਤੇ 1984 ਵਿੱਚ ਸਿੱਖਾਂ ਦੇ ਕਤਲੇਆਮ ਦਾ ਦਾਗ਼ ਹੈ, ਉਹ ਲੋਕਤੰਤਰ ਬਚਾਉਣ ਦੀ ਗੱਲ ਕਿਸ ਮੂੰਹ ਨਾਲ ਕਰਦੀ ਹੈ?” ਢਿੱਲੋਂ ਨੇ ਕਿਹਾ ਕਿ ਸਿੱਖ ਕੌਮ ਦੇ ਜ਼ਖਮ ਕੁਰੇਦਣ ਵਾਲੀ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਨੂੰ 1984 ਅਤੇ ਇਸ ਨਿੰਦਣਯੋਗ ਫੈਸਲੇ ਲਈ ਸਿੱਖ ਸੰਗਤ ਤੋਂ ਖੁੱਲ੍ਹੀ ਮੁਆਫ਼ੀ ਮੰਗਣੀ ਚਾਹੀਦੀ ਹੈ। ਨਾਲ ਹੀ ਉਹਨਾਂ ਕਿਹਾ ਕਿ ਕਾਂਗਰਸ ਸਾਫ਼ ਕਰੇ ਕਿ ਉਹ 1984 ਦੇ ਦੋਸ਼ੀਆਂ ਅਤੇ ਉਨ੍ਹਾਂ ਦੀ ਰੱਖਿਆ ਕਰਨ ਵਾਲਿਆਂ ਨਾਲ ਖੜ੍ਹੀ ਹੈ ਜਾਂ ਪੀੜਤਾਂ ਨਾਲ ਹੈ। ਢਿੱਲੋਂ ਨੇ ਕਿਹਾ ਕਿ ਸਿੱਖ ਕੌਮ ਨਾ ਭੁੱਲੀ ਹੈ, ਨਾ ਭੁੱਲੇਗੀ। ਭਾਜਪਾ ਹਰ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਸੀ, ਹੈ ਅਤੇ ਰਹੇਗੀ।”

