Iran captures US submarine! IRGC releases video
ਇਰਾਨ ਨੇ ਫੜ ਲਈ ਅਮਰੀਕਾ ਦੀ ਸਬਮਰੀਨ ! IRGC ਨੇ ਜਾਰੀ ਕੀਤੀ ਵੀਡੀਓ
Tehran, (ਆਵਾਜ਼ਿ ਕੌਮ ਬਿਊਰੋ)-ਅਮਰੀਕਾ-ਇਰਾਨ ਵਿਚਾਲੇ ਦੀ ਜੰਗ ਖ਼ਤਮ ਹੋਣ ਦੀ ਬਾਜਾਏ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਦੌਰਾਨ ਇਰਾਨ ਦੇ ‘ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੌਰਪਸ’ (IRGC) ਨੇ ਹੋਰਮੁਜ਼ ਦੇ ਐਂਟਰੀ ਪੁਆਇੰਟ ‘ਤੇ ਅਮਰੀਕੀ ਫ਼ੌਜ ਦੀ ਇੱਕ ਐਡਵਾਂਸਡ ਸਬਮਰੀਨ ਨੂੰ ਜ਼ਬਤ ਕਰਨ ਦਾ ਦਾਅਵਾ ਕਰਦਿਆਂ ਇਸ ਦੀ ਵੀਡੀਓ ਜਾਰੀ ਕੀਤੀ ਹੈ। ਦੂਜੇ ਪਾਸੇ, ਅਮਰੀਕੀ ਫ਼ੌਜੀ ਕਮਾਂਡ (CENTCOM) ਨੇ ਇਰਾਨੀ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਇਹ ਡ੍ਰੋਨ ਸਬਮਰੀਨ ਖ਼ਰਾਬ ਹੋ ਕੇ ਪਾਣੀ ਦੇ ਵਹਾਅ ‘ਚ ਰੁੜ੍ਹ ਗਈ ਸੀ। IRGC ਅਨੁਸਾਰ, ਉਨ੍ਹਾਂ ਨੇ ਇੱਕ ਗੁਪਤ ਅਤੇ ਕੰਪਲੈਕਸ ਇੰਟੈਲੀਜੈਂਸ ਆਪ੍ਰੇਸ਼ਨ ਤਹਿਤ ਅਮਰੀਕਾ ਦੀ ‘Dive-LD’ ਮਾਡਲ ਵਾਲੀ ਸਮਾਰਟ ਸਬਮਰੀਨ ਨੂੰ ਜ਼ਬਤ ਕੀਤਾ ਹੈ। ਇਰਾਨੀ ਮੀਡੀਆ ਨੇ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਕਿ ਇਹ ਡ੍ਰੋਨ ਸਮੁੰਦਰ ਹੇਠਲੇ ਖੇਤਰਾਂ ਦੀ ਮੈਪਿੰਗ, ਖੁਫ਼ੀਆ ਨਿਗਰਾਨੀ ਅਤੇ ਸਮੁੰਦਰੀ ਕੇਬਲਾਂ ਦੀ ਜਾਂਚ ਵਰਗੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਇਸ ਤੋਂ ਇਲਾਵਾ, ਇਰਾਨ ਨੇ ਉਸੇ ਖੇਤਰ ਵਿੱਚ ਅਮਰੀਕਾ ਦਾ ਇੱਕ MQ-9 Reaper ਡ੍ਰੋਨ ਵੀ ਡੇਗਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ‘ਚ ਅਮਰੀਕੀ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਟਿਮ ਹਾਕਿਨਜ਼ ਨੇ ਕਿਹਾ ਕਿ ਅਮਰੀਕੀ ਫ਼ੌਜ ਦਾ ਇੱਕ ਅੰਡਰਵਾਟਰ ਡ੍ਰੋਨ ਇੱਕ ਦਿਨ ਪਹਿਲਾਂ ਖ਼ਰਾਬ ਹੋ ਗਿਆ ਸੀ। ਇਹ ਡ੍ਰੋਨ ਇੱਕ ਪੁਰਾਣਾ ਮਾਡਲ ਸੀ, ਜਿਸ ਵਿੱਚ ਕੋਈ ਵੀ ਸੈਂਸੇਟਿਵ ਡਾਟਾ, ਕਲਾਸੀਫਾਈਡ ਸੋਨਾਰ ਸਿਸਟਮ ਜਾਂ ਰਾਡਾਰ ਇੰਸਟ੍ਰੂਮੈਂਟ ਸ਼ਾਮਲ ਨਹੀਂ ਸਨ। ਉੱਥੇ ਹੀ ਡ੍ਰੋਨ ਬਣਾਉਣ ਵਾਲੀ ਕੰਪਨੀ Anduril ਦੇ ਬੁਲਾਰੇ ਨੇ ਦੱਸਿਆ ਕਿ ‘Dive-LD’ ਇੱਕ ਅਜਿਹਾ ਆਟੋਨੋਮਸ ਸਿਸਟਮ ਹੈ ਜੋ ਖ਼ਤਰਨਾਕ ਸਮੁੰਦਰੀ ਖੇਤਰਾਂ ‘ਚ ਕੰਮ ਕਰਨ ਲਈ ਬਣਾਇਆ ਗਿਆ ਹੈ, ਜਿੱਥੇ ਇਸ ਦੇ ਗੁੰਮ ਜਾਂ ਖ਼ਰਾਬ ਹੋਣ ਦਾ ਖ਼ਤਰਾ ਪਹਿਲਾਂ ਤੋਂ ਹੀ ਜ਼ਿਆਦਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਹੋਰਮੁਜ਼ ‘ਚ ਅਮਰੀਕਾ ਅਤੇ ਇਰਾਨ ਵਿਚਾਲੇ ਫ਼ੌਜੀ ਤਣਾਅ ਸਿਖ਼ਰ ‘ਤੇ ਹੈ ਅਤੇ ਇਲਾਕੇ ‘ਚ ਤੇਲ ਟੈਂਕਰਾਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਬਾਅਦ ਇਸ ਸਮੁੰਦਰੀ ਲਾਂਘੇ ਦੀ ਘੇਰਾਬੰਦੀ ਹੋਰ ਸਖ਼ਤ ਕਰ ਦਿੱਤੀ ਗਈ ਹੈ।

