Taliban government denies Masood Azhar’s presence in Afghanistan, rejects Pakistan’s claim
ਮਸੂਦ ਅਜ਼ਹਰ ਦੇ ਅਫ਼ਗਾਨਿਸਤਾਨ ’ਚ ਹੋਣ ਤੋਂ ਤਾਲਿਬਾਨ ਸਰਕਾਰ ਦਾ ਇਨਕਾਰ, ਪਾਕਿਸਤਾਨ ਦਾ ਦਾਅਵਾ ਰੱਦ
Kabul, (ਆਵਾਜ਼ਿ ਕੌਮ ਬਿਊਰੋ)-ਤਾਲਿਬਾਨ ਸਰਕਾਰ ਨੇ ਪਾਕਿਸਤਾਨ ਦੇ ਵਾਰ-ਵਾਰ ਕੀਤੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ ਕਿ ਜੈਸ਼-ਏ-ਮੁਹੰਮਦ ਦਾ ਸੰਸਥਾਪਕ ਮਸੂਦ ਅਜ਼ਹਰ ਅਫਗਾਨਿਸਤਾਨ ’ਚ ਸਰਗਰਮ ਹੈ। ਅਫਗਾਨ ਵਿਦੇਸ਼ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਜ਼ਹਰ ਉਨ੍ਹਾਂ ਦੇ ਦੇਸ਼ ’ਚ ਮੌਜੂਦ ਨਹੀਂ ਹੈ। ਅਫਗਾਨਿਸਤਾਨ ਦੀ ਧਰਤੀ ਨੂੰ ਕਿਸੇ ਹੋਰ ਦੇਸ਼ ਵਿਰੁੱਧ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਾਕਿਸਤਾਨ ਲੰਬੇ ਸਮੇਂ ਤੋਂ ਦਾਅਵਾ ਕਰਦਾ ਆ ਰਿਹਾ ਹੈ ਕਿ ਅਜ਼ਹਰ ਅਫਗਾਨਿਸਤਾਨ ’ਚ ਹੈ। ਇਹ ਦਾਅਵਾ ਅਜਿੇਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨ ‘ਫਾਈਨਾਂਸੀਅਲ ਐਕਸ਼ਨ ਟਾਸਕ ਫੋਰਸ’ ਵੱਲੋਂ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਦੀ ਲੀਡਰਸ਼ਿਪ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਪੈਰਿਸ ਸਥਿਤ ‘ਫਾਈਨਾਂਸੀਅਲ ਐਕਸ਼ਨ ਟਾਸਕ ਫੋਰਸ’ ਦੀ ਹੋਣ ਵਾਲੀ ਮੀਟਿੰਗ ’ਚ ਪਾਕਿਸਤਾਨ ਦੇ ਅੱਤਵਾਦ ਵਿਰੋਧੀ ਯਤਨਾਂ ਦੀ ਸਮੀਖਿਆ ਕੀਤੀ ਜਾਏਗੀ। ਅਜ਼ਹਰ ਕਈ ਵੱਡੇ ਅੱਤਵਾਦੀ ਹਮਲਿਆਂ ਲਈ ਭਾਰਤ ਨੂੰ ਲੋੜੀਂਦਾ ਹੈ। ਇਨ੍ਹਾਂ ’ਚ 2001 ਦਾ ਸੰਸਦ ’ਤੇ ਹਮਲਾ, 2008 ਦਾ ਮੁੰਬਈ ਹਮਲਾ, 2016 ਦਾ ਪਠਾਨਕੋਟ ਏਅਰਬੇਸ ’ਤੇ ਹਮਲਾ ਅਤੇ 2019 ਦਾ ਪੁਲਵਾਮਾ ਅੱਤਵਾਦੀ ਹਮਲਾ ਸ਼ਾਮਲ ਹਨ। ਪਾਕਿਸਤਾਨ ਨੂੰ ਮਨੀ ਲਾਂਡਰਿੰਗ ਰੋਕੂ ਪ੍ਰਣਾਲੀ ’ਚ ਪ੍ਰਣਾਲੀਗਤ ਕਮੀਆਂ ਅਤੇ ਟੈਰਰ ਫੰਡਿੰਗ ਨੂੰ ਰੋਕਣ ’ਚ ਅਸਫਲ ਰਹਿਣ ਕਾਰਨ 2018 ਤੇ 2022 ਦਰਮਿਆਨ ‘ਫਾਈਨਾਂਸੀਅਲ ਐਕਸ਼ਨ ਟਾਸਕ ਫੋਰਸ’ ਦੀ ‘ਗ੍ਰੇ ਭਾਵ ਨਿਗਰਾਨੀ ਸੂਚੀ ’ਚ ਰੱਖਿਆ ਗਿਆ ਸੀ।

