Jalandhar Commissionerate Police takes strict measures regarding women’s safety; CP issues orders
ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, CP ਨੇ ਜਾਰੀ ਕੀਤੇ ਹੁਕਮ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਔਰਤਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਪੁਲਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ ਨੇ ਔਰਤਾਂ ਨੂੰ ਸੁਰੱਖਿਅਤ ਅਤੇ ਮਜ਼ਬੂਤ ਵਾਤਾਵਰਣ ਉਪਲੱਬਧ ਕਰਵਾਉਣ ਲਈ ਵਿਸ਼ੇਸ਼ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਕਮਿਸ਼ਨਰ ਨੇ ਅਧਿਕਾਰੀਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਔਰਤਾਂ ਨਾਲ ਸਬੰਧਤ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਜ਼ਰੂਰਤ ਪੈਣ ’ਤੇ ਤਤਕਾਲ ਸਹਾਇਤਾ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਔਰਤਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਗਿਆ ਹੈ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਚੌਕਸ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਖਤਰੇ ਦੀ ਸਥਿਤੀ ਵਿਚ ਚੁੱਪ ਨਾ ਰਹਿਣ। ਔਰਤਾਂ ਨੂੰ ਸਟਾਕਿੰਗ (ਪਿੱਛਾ ਕਰਨਾ), ਸਾਈਬਰ ਸਟਾਕਿੰਗ, ਧਮਕੀ ਭਰੇ ਸੰਦੇਸ਼, ਤੰਗ-ਪ੍ਰੇਸ਼ਾਨ ਵਰਗੀਆਂ ਘਟਨਾਵਾਂ ਦੀ ਤੁਰੰਤ ਸ਼ਿਕਾਇਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ ਵਿਸ਼ੇਸ਼ ਰੂਪ ਨਾਲ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਔਰਤ ਦਾ ਕੋਈ ਵਿਅਕਤੀ ਲਗਾਤਾਰ ਪਿੱਛਾ ਕਰ ਰਿਹਾ ਹੈ, ਪ੍ਰੇਸ਼ਾਨ ਕਰ ਰਿਹਾ ਹੈ ਜਾਂ ਆਨਲਾਈਨ ਮਾਧਿਅਮ ਨਾਲ ਧਮਕਾ ਰਿਹਾ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਅਜਿਹੀ ਸਥਿਤੀ ਵਿਚ ਤਤਕਾਲ ਪੁਲਸ ਸਹਾਇਤਾ ਲਈ ਜਾਣੀ ਚਾਹੀਦੀ ਹੈ। ਪੁਲਸ ਕਮਿਸ਼ਨਰੇਟ ਨੇ ਔਰਤਾਂ ਨੂੰ ਹੰਗਾਮੀ ਸਥਿਤੀ ਵਿਚ 112 ’ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। ਉਥੇ ਹੀ ਆਨਲਾਈਨ ਧੋਖਾਧੜੀ ਜਾਂ ਸਾਈਬਰ ਅਪਰਾਧ ਨਾਲ ਸਬੰਧਤ ਮਾਮਲਿਆਂ ਵਿਚ 1930 ਸਾਈਬਰ ਕ੍ਰਾਈਮ ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਾਉਣ ਦੀ ਅਪੀਲ ਕੀਤੀ ਗਈ ਹੈ। ਪੁਲਸ ਨੇ ਔਰਤਾਂ ਨੂੰ ਸੁਰੱਖਿਅਤ ਕੈਬ/ਆਟੋ ਸੇਵਾਵਾਂ ਦੀ ਵਰਤੋਂ ਕਰਨ, ਸ਼ੱਕੀ ਹਾਲਾਤ ਵਿਚ ਚੌਕਸ ਰਹਿਣ ਅਤੇ ਕਿਸੇ ਵੀ ਖਤਰੇ ਦੀ ਸਥਿਤੀ ਵਿਚ ਆਪਣੇ ਪਰਿਵਾਰ, ਭਰੋਸੇਯੋਗ ਲੋਕਾਂ ਜਾਂ ਪੁਲਸ ਨਾਲ ਤੁਰੰਤ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। ਪੁਲਸ ਕਮਿਸ਼ਨਰੇਟ ਜਲੰਧਰ ਦਾ ਸੰਦੇਸ਼ ਹੈ ਕਿ ਔਰਤਾਂ ਦੀ ਸੁਰੱਖਿਆ ਸਿਰਫ ਪੁਲਸ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸੁਰੱਖਿਅਤ ਅਤੇ ਮਜ਼ਬੂਤ ਸਮਾਜ ਦੇ ਨਿਰਮਾਣ ਦੀ ਸਮੂਹਿਕ ਜ਼ਿੰਮੇਵਾਰੀ ਹੈ। ਪੁਲਸ ਨੇ ਭਰੋਸਾ ਦਿਵਾਇਆ ਕਿ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿਚ ਜ਼ਰੂਰੀ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ ਅਤੇ ਸ਼ਿਕਾਇਤਾਂ ’ਤੇ ਪ੍ਰਭਾਵੀ ਕਾਰਵਾਈ ਕੀਤੀ ਜਾਵੇਗੀ। ਪੁਲਸ ਕਮਿਸ਼ਨਰੇਟ ਨੇ ਮੁਹਿੰਮ ਦੇ ਮਾਧਿਅਮ ਨਾਲ ਔਰਤਾਂ ਨੂੰ ਸੰਦੇਸ਼ ਦਿੱਤਾ ਹੈ-‘ਚੌਕਸ ਰਹੋ, ਤਿਆਰ ਰਹੋ ਅਤੇ ਸੁਰੱਖਿਅਤ ਰਹੋ’। ਨਾਲ ਹੀ ਲੋਕਾਂ ਤੋਂ ਔਰਤਾਂ ਲਈ ਸੁਰੱਖਿਅਤ ਵਾਤਾਵਰਣ ਬਣਾਉਣ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਪੁਲਸ ਨੇ ਸਪੱਸ਼ਟ ਕੀਤਾ ਕਿ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਸਰਵੋਤਮ ਤਰਜੀਹ ਹੈ ਅਤੇ ਕਿਸੇ ਵੀ ਸ਼ਿਕਾਇਤ ’ਤੇ ਸਮੇਂ ਸਿਰ ਸਹਾਇਤਾ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਯਕੀਨੀ ਕੀਤੀ ਜਾਵੇਗੀ।

