Horrific accident in Switzerland: Bus carrying tourists from the Netherlands overturns; several dead
ਸਵਿਟਜ਼ਰਲੈਂਡ ‘ਚ ਭਿਆਨਕ ਹਾਦਸਾ: ਨੀਦਰਲੈਂਡ ਤੋਂ ਆਏ ਸੈਲਾਨੀਆਂ ਦੀ ਪਲਟੀ ਬੱਸ, ਕਈਆਂ ਦੀ ਮੌਤ
ਜੇਨੇਵਾ (ਆਵਾਜ਼ਿ ਕੌਮ ਬਿਊਰੋ)- ਸਵਿਟਜ਼ਰਲੈਂਡ ਦੇ ਪੂਰਬੀ ਹਿੱਸੇ ਵਿੱਚ ਨੀਦਰਲੈਂਡ ਤੋਂ ਆਏ ਸੈਲਾਨੀਆਂ ਨੂੰ ਭਰੀ ਇਕ ਬੱਸ ਦੇ ਅਚਾਨਕ ਪਲਟ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਕਾਰਨ ਬੱਸ ਵਿਚ ਸਵਾਰ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਗ੍ਰਾਉਬੁੰਡਨ ਆਲਪਸ ਖੇਤਰ ਦੇ ਸੁਸ਼ ਅਤੇ ਜਾਰਨੇਜ਼ ਪਿੰਡਾਂ ਵਿਚਕਾਰ ਪਲਟ ਗਈ। ਸੂਚਨਾ ਮਿਲਣ ‘ਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਸ ਨੇ ਅਜੇ ਤੱਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਜਾਰੀ ਨਹੀਂ ਕੀਤੀ। ਸਵਿਸ ਮੀਡੀਆ ਦੇ ਅਨੁਸਾਰ, ਬੱਸ ਵਿੱਚ 48 ਲੋਕ ਸਵਾਰ ਸਨ। ਨੀਦਰਲੈਂਡ ਦੇ ਯਾਤਰਾ ਉਦਯੋਗ ਸੰਘ ਨਾਲ ਜੁੜੇ ANVR ਦੇ ਬੁਲਾਰੇ ਨੇ ਦੱਸਿਆ ਕਿ ਯਾਤਰੀ ਉਨ੍ਹਾਂ ਦੇ ਦੇਸ਼ ਦੇ ਨਾਗਰਿਕ ਸਨ। ਇੱਕ ਪੁਲਸ ਬੁਲਾਰੇ ਨੇ ਦੱਸਿਆ ਕਿ ਬੱਸ ਸੜਕ ਕਿਨਾਰੇ ਬੈਰੀਅਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਹਾਦਸੇ ਵਿੱਚ ਕਿਸੇ ਹੋਰ ਵਾਹਨ ਦੇ ਸ਼ਾਮਲ ਹੋਣ ਦਾ ਸ਼ੱਕ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਬਚਾਅ ਅਤੇ ਰਾਹਤ ਕਾਰਜਾਂ ਲਈ ਕਈ ਐਂਬੂਲੈਂਸਾਂ ਅਤੇ ਪੰਜ ਹੈਲੀਕਾਪਟਰ ਮੌਕੇ ‘ਤੇ ਭੇਜੇ ਗਏ ਹਨ।

