‘Cockroach Janata Party’ protest case: Supreme Court seeks report on allegations involving a minor.
ਕਾਕਰੋਚ ਜਨਤਾ ਪਾਰਟੀ ਪ੍ਰਦਰਸ਼ਨ ਕੇਸ : ਸੁਪਰੀਮ ਕੋਰਟ ਨੇ ਨਾਬਾਲਗ ਦੇ ਦੋਸ਼ਾਂ ’ਤੇ ਰਿਪੋਰਟ ਤਲਬ ਕੀਤੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਜੁਲਾਈ ਵਿਚ ਕਾਕਰੋਚ ਜਨਤਾ ਪਾਰਟੀ (CJP) ਦੇ ਪ੍ਰਦਰਸ਼ਨ ਵਿਚ ਸ਼ਾਮਲ ਇਕ ਨਾਬਾਲਗ ਲੜਕੀ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਦੇ ਦੋਸ਼ਾਂ ’ਤੇ ਗੰਭੀਰ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਅਪਰਾਧਿਕ ਕਾਰਵਾਈ ਅੱਗੇ ਵਧਾਉਣ ਤੋਂ ਰੋਕਣ ਲਈ ਪੀੜਤ ਜਾਂ ਉਸ ਦੇ ਪਰਿਵਾਰ ਨੂੰ ਡਰਾਉਣ-ਧਮਕਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਲੜਕੀ ਦੀ FIR ’ਤੇ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਅਤੇ ਇਸ ਮਾਮਲੇ ’ਤੇ ਦਿੱਲੀ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਬੈਂਚ ਨੇ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਜੇਕਰ ਕਿਸੇ ਬੱਚੇ ਦੇ ਖ਼ਿਲਾਫ ਹਿੰਸਾ ਦਾ ਮਾਮਲਾ ਹੈ ਤਾਂ ਕਿਸੇ ਨੂੰ ਵੀ ਸੁਰੱਖਿਆ/ਛੋਟ ਨਹੀਂ ਦਿੱਤੀ ਜਾਣੀ ਚਾਹੀਦੀ… ਜੇਕਰ ਅਜਿਹੇ ਕਾਰਿਆਂ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ ਅਤੇ ਅਪਰਾਧਿਕ ਕਾਰਵਾਈ ਅੱਗੇ ਨਾ ਵਧਾਉਣ ਲਈ ਬੱਚੇ ਜਾਂ ਉਸ ਦੇ ਪਰਿਵਾਰ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਇਹ ਗੰਭੀਰ ਮਾਮਲਾ ਹੈ। ਪੀੜਤ (14 ਸਾਲਾ ਲੜਕੀ) ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਲੜਕੀ ਨੇ ਇਕ ਅਜਿਹੇ ਵਿਅਕਤੀ ਖ਼ਿਲਾਫ ਐੱਫ. ਆਈ. ਆਰ. ਦਰਜ ਕਰਵਾਈ ਸੀ, ਜਿਸ ਨੇ ਇਕ ਵੀਡੀਓ ਵਿਚ ਦਾਅਵਾ ਕੀਤਾ ਸੀ ਕਿ ਸੀ. ਜੇ. ਪੀ. ਦੇ ਪ੍ਰਦਰਸ਼ਨ ਦੌਰਾਨ ਉਸ ਨੇ ਉਸ ਦੇ ਪਿਤਾ ’ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਲੜਕੀ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ ਅਤੇ ਉਸ ਦੇ ਘਰ ਵਿਚ ਭੰਨਤੋੜ ਕੀਤੀ ਗਈ। ਕਿਸੇ ਦਾ ਨਾਂ ਲਏ ਬਿਨਾਂ ਵਕੀਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦੋਸ਼ੀ ਦਾ ਸਾਥ ਦਿੱਤਾ ਅਤੇ ਜੋ ਕਥਿਤ ਤੌਰ ’ਤੇ ਕੈਮਰੇ ਵਿਚ ਰਿਕਾਰਡ ਹੋਏ ਹਨ, ਉਨ੍ਹਾਂ ਖ਼ਿਲਾਫ ਕਾਰਵਾਈ ਕਰਨ ਦੀ ਥਾਂ ਬੱਚੇ ਖ਼ਿਲਾਫ ਐੱਫ. ਆਈ. ਆਰ. ਦਰਜ ਕਰ ਦਿੱਤੀ ਗਈ ਹੈ। ਵਕੀਲ ਨੇ ਕਿਹਾ ਕਿ ਇਹ ਸੁਪਰੀਮ ਕੋਰਟ ਦੇ ਪਹਿਲਾਂ ਦੇ ਹੁਕਮਾਂ ਦੇ ਵੀ ਖ਼ਿਲਾਫ ਹੈ। ਉਨ੍ਹਾਂ ਕਿਹਾ ਕਿ ਵੀਡੀਓ ਨੂੰ ਰਿਕਾਰਡ ਵਿਚ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਲੜਕੀ ਦੇ ਘਰ ’ਤੇ ਪਥਰਾਅ ਕੀਤਾ ਗਿਆ ਸੀ। ਵਕੀਲ ਨੇ ਕਿਹਾ ਕਿ ਉੱਚ ਅਧਿਕਾਰ ਪ੍ਰਾਪਤ ਕਮੇਟੀ ਨੂੰ ਸਮਾਂ ਲੱਗੇਗਾ ਪਰ ਇਸ ਦੌਰਾਨ ਜੇਕਰ ਬੱਚੀ ਨਾਲ ਕੁਝ ਹੋ ਜਾਂਦਾ ਹੈ ਤਾਂ ਬਾਅਦ ਵਿਚ ਕਮੇਟੀ ਰਾਹੀਂ ਉਸ ਦੀ ਭਰਪਾਈ ਜਾਂ ਸੁਧਾਰ ਨਹੀਂ ਕੀਤਾ ਜਾ ਸਕਦਾ।

