Delhi High Court to hear the case regarding the Satya Niketan building collapse
ਸੱਤਿਆ ਨਿਕੇਤਨ ਇਮਾਰਤ ਹਾਦਸੇ ’ਤੇ ਦਿੱਲੀ ਹਾਈ ਕੋਰਟ ਹੀ ਕਰੇਗਾ ਸੁਣਵਾਈ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਉਹ ਸੱਤਿਆ ਨਿਕੇਤਨ ਵਿਚ ਇਮਾਰਤ ਢਹਿਣ ਦੀ ਘਟਨਾ ਨਾਲ ਜੁੜਿਆ ਮਾਮਲਾ ਦਿੱਲੀ ਹਾਈ ਕੋਰਟ ਤੋਂ ਆਪਣੇ ਕੋਲ ਤਬਦੀਲ ਨਹੀਂ ਕਰ ਰਿਹਾ ਹੈ। ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਕਿਹਾ ਕਿ ਉਹ ਮੌਜੂਦਾ ਸਥਿਤੀ ਵਿਚ ਕੋਈ ਬਦਲਾਅ ਨਹੀਂ ਕਰਨਾ ਚਾਹੁੰਦੇ। ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਦੇ ਨੇੜੇ ਸਥਿਤ ਸੱਤਿਆ ਨਿਕੇਤਨ ਵਿਚ ਪਿਛਲੇ ਐਤਵਾਰ ਨੂੰ ਮੁਰੰਮਤ ਦੇ ਕੰਮ ਦੌਰਾਨ ਇਕ ਪੰਜ-ਮੰਜ਼ਿਲਾ ਇਮਾਰਤ ਢਹਿ ਗਈ ਸੀ, ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 12 ਹੋਰ ਜ਼ਖ਼ਮੀ ਹੋ ਗਏ ਸਨ। ਇਸ ਇਮਾਰਤ ਦੀ ਵਰਤੋਂ ਵਿਦਿਆਰਥੀਆਂ ਲਈ ਪੇਇੰਗ ਗੈਸਟ (ਪੀ. ਜੀ.) ਰਿਹਾਇਸ਼ ਵਜੋਂ ਕੀਤੀ ਜਾ ਰਹੀ ਸੀ। ਮਾਮਲੇ ਵਿਚ ਅਮੀਕਸ ਕਿਊਰੀ ਨਿਯੁਕਤ ਕੀਤੇ ਗਏ ਸੀਨੀਅਰ ਵਕੀਲ ਅਜੀਤ ਸਿਨ੍ਹਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸੂਤਰਾਂ ਅਤੇ ਮੀਡੀਆ ਵਿਚ ਆਈਆਂ ਖ਼ਬਰਾਂ ਤੋਂ ਪਤਾ ਲੱਗਾ ਹੈ ਕਿ ਨਗਰ ਨਿਗਮਾਂ ਨੇ ਗੈਰ-ਕਾਨੂੰਨੀ ਉਸਾਰੀਆਂ ਅਤੇ ਪੀ. ਜੀ. ਰਿਹਾਇਸ਼ਾਂ ਖ਼ਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਚਾਰ ਮੰਜ਼ਿਲਾਂ ਤੋਂ ਵਾਧੂ ਕੀਤੀ ਗਈ ਉਸਾਰੀ ਨੂੰ ਢਾਹਿਆ ਜਾ ਰਿਹਾ ਹੈ। ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਬੈਂਚ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਹਾਈ ਕੋਰਟ ਤੋਂ ਤਬਦੀਲ ਨਾ ਕੀਤਾ ਜਾਵੇ, ਕਿਉਂਕਿ ਨਗਰ ਨਿਗਮ ਹੁਣ ਵਧੇਰੇ ਧਿਆਨਪੂਰਵਕ ਤਰੀਕੇ ਨਾਲ ਕਾਰਵਾਈ ਕਰ ਰਹੀ ਹੈ।

