‘If I were a cockroach, then perhaps…!’ — Vijay Mallya vents frustration in a post
‘ਜੇ ਮੈਂ ਕਾਕਰੋਚ ਹੁੰਦਾ ਤਾਂ ਸ਼ਾਇਦ..!’, ਵਿਜੇ ਮਾਲਿਆ ਨੇ ਪੋਸਟ ਸ਼ੇਅਰ ਕਰ ਕੱਢੀ ਭੜਾਸ
London, (ਆਵਾਜ਼ਿ ਕੌਮ ਬਿਊਰੋ)-ਭਾਰਤ ਤੋਂ ਭਗੌੜਾ ਐਲਾਨੇ ਗਏ ‘ਕਿੰਗਫ਼ਿਸ਼ਰ ਏਅਰਲਾਈਨਜ਼’ ਦੇ ਸਾਬਕਾ ਮਾਲਕ ਵਿਜੇ ਮਾਲਿਆ ਨੇ ਲੰਡਨ ‘ਚ ਰਹਿ ਕੇ ਇੱਕ ਵਾਰ ਫਿਰ ਭਾਰਤੀ ਜਾਂਚ ਏਜੰਸੀਆਂ ਅਤੇ ਕਾਨੂੰਨੀ ਪ੍ਰਕਿਰਿਆ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਭੜਾਸ ਕੱਢੀ ਹੈ। ਸੋਸ਼ਲ ਮੀਡੀਆ ਪਲੇਟਫ਼ਾਰਮ ‘X’ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਮਾਲਿਆ ਨੇ ਦਾਅਵਾ ਕੀਤਾ ਹੈ ਕਿ ਉਸ ਨਾਲ ਅਨਿਆਂ ਹੋ ਰਿਹਾ ਹੈ ਅਤੇ ਭਾਰਤੀ ਜਾਂਚ ਏਜੰਸੀਆਂ ‘ਤੇ ਤੰਜ਼ ਕਸਦਿਆਂ ਲਿਖਿਆ, “ਜਿਸ ਤਰ੍ਹਾਂ ਦੇ ਅਨਿਆਂ ਦਾ ਮੈਂ ਸਾਹਮਣਾ ਕਰ ਰਿਹਾ ਹਾਂ, ਮੈਨੂੰ ਲੱਗਦਾ ਹੈ ਕਿ ਮੈਨੂੰ ਕਾਕਰੋਚ ਬਣ ਜਾਣਾ ਚਾਹੀਦਾ ਹੈ, ਸ਼ਾਇਦ ਕਾਕਰੋਚ ਬਣ ਕੇ ਮੇਰੀ ਜ਼ਿੰਦਗੀ ਕੁਝ ਸੁਧਰ ਜਾਵੇਗੀ ਹੋਵੇਗੀ।” ਮਾਲਿਆ ਨੇ ਦਾਅਵਾ ਕੀਤਾ ਕਿ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਬੰਬੇ ਹਾਈ ਕੋਰਟ ‘ਚ ਦਾਇਰ ਕੀਤੇ ਆਪਣੇ ਹਲਫ਼ਨਾਮੇ ‘ਚ ਖ਼ੁਦ ਮੰਨਿਆ ਹੈ ਕਿ ਉਨ੍ਹਾਂ ਨੇ ਮਾਲਿਆ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਤੋਂ 14,000 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਕਰ ਕੇ ਉਨ੍ਹਾਂ ਬੈਂਕਾਂ ਨੂੰ ਸੌਂਪ ਦਿੱਤੇ ਹਨ, ਜਿਨ੍ਹਾਂ ਤੋਂ ਮਾਲਿਆ ਨੇ ਕਰਜ਼ਾ ਲਿਆ ਸੀ। ਉਸ ਨੇ ਲਿਖਿਆ, “ਜੇਕਰ ਤੁਹਾਨੂੰ ਮੇਰੇ ‘ਤੇ ਭਰੋਸਾ ਨਹੀਂ ਹੈ, ਤਾਂ ਘੱਟੋ-ਘੱਟ ED ਦੇ ਅਦਾਲਤੀ ਹਲਫ਼ਨਾਮੇ ਨੂੰ ਹੀ ਮੰਨ ਲਓ। ਇੰਨੀ ਬਰਾਮਦਗੀ ਦੇ ਬਾਵਜੂਦ ਮੈਨੂੰ ਹਾਲੇ ਵੀ ਮੀਡੀਆ ਅਤੇ ਏਜੰਸੀਆਂ ਵੱਲੋਂ ‘ਠੱਗ’ ਅਤੇ ‘ਭਗੌੜਾ’ ਕਿਹਾ ਜਾ ਰਿਹਾ ਹੈ।” ਮਾਲਿਆ ਨੇ ਕਿਹਾ ਕਿ ਉਹ 1992 ਤੋਂ ਯੂਨਾਈਟਿਡ ਕਿੰਗਡਮ (UK) ਦਾ ਪੱਕਾ ਨਾਗਰਿਕ ਹੈ ਅਤੇ ਮੌਜੂਦਾ ਸਮੇਂ ਉੱਥੋਂ ਦੀਆਂ ਕਾਨੂੰਨੀ ਪਾਬੰਦੀਆਂ ਕਾਰਨ ਯੂ.ਕੇ. ਛੱਡ ਕੇ ਭਾਰਤ ਨਹੀਂ ਆ ਸਕਦਾ। ਉਸ ਅਨੁਸਾਰ ਬੈਂਕਾਂ ਦੀ ਦੇਣਦਾਰੀ ਦਾ ਭੁਗਤਾਨ ਉਸ ਦੀ ਭਾਰਤ ‘ਚ ਮੌਜੂਦਗੀ ‘ਤੇ ਨਿਰਭਰ ਨਹੀਂ ਕਰਦਾ, ਪਰ ਸਰਕਾਰ ਨੇ ਉਸ ਨੂੰ ‘ਪੋਸਟਰ ਬੁਆਏ’ ਬਣਾ ਕੇ ਕਾਫ਼ੀ ਬਦਨਾਮ ਕੀਤਾ ਹੈ। ਜ਼ਿਕਰਯੋਗ ਹੈ ਕਿ ਬੰਬੇ ਹਾਈ ਕੋਰਟ ਨੇ ਹਾਲ ਹੀ ‘ਚ ਮਾਲਿਆ ਦੀ ‘ਫ਼ਿਊਜੀਟਿਵ ਇਕਨਾਮਿਕ ਆਫ਼ੈਂਡਰਜ਼ ਐਕਟ’ ਖ਼ਿਲਾਫ਼ ਪਾਈ ਗਈ ਅਰਜ਼ੀ ‘ਤੇ ਸੁਣਵਾਈ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਉਹ ਭਾਰਤੀ ਅਦਾਲਤਾਂ ਦੇ ਸਾਹਮਣੇ ਪੇਸ਼ ਨਹੀਂ ਹੁੰਦਾ, ਉਦੋਂ ਤੱਕ ਉਸ ਦੀਆਂ ਪਟੀਸ਼ਨਾਂ ‘ਤੇ ਕੋਈ ਸੁਣਵਾਈ ਨਹੀਂ ਕੀਤੀ ਜਾਵੇਗੀ।

