Dera chief Ram Rahim’s repeated parole will be challenged in the Supreme Court: Bibi Ranjit Kaur.ਡੇਰਾ ਮੁੱਖੀ ਰਾਮ ਰਹੀਮ ਨੂੰ ਬਾਰ ਬਾਰ ਮਿਲ ਰਹੀ ਪੈਰੋਲ/ਫਰਲੋ ਨੂੰ ਸੁਪਰੀਮ ਕੋਰਟ ਵਿਚ ਕੀਤਾ ਜਾਏਗਾ ਚੈਲੇਂਜ : ਬੀਬੀ ਰਣਜੀਤ ਕੌਰ 

ਨਵੀਂ ਦਿੱਲੀ 2 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਕਤਲ ਅਤੇ ਜਬਰਜਿਨਾਹ ਦੇ ਗੰਭੀਰ ਦੋਸ਼ਾਂ ਹੇਠ 20-20 ਸਾਲਾਂ ਦੇ ਜੇਲ੍ਹ ਕੱਟ ਰਹੇ ਡੇਰਾ ਸਾਧ ਨੂੰ ਸਤ ਸਾਲਾਂ ਵਿਚ 11 ਵਾਰੀ ਪੈਰੋਲ/ਫਰਲੋ ਦੇ ਕੇ ਓਸ ਨੂੰ ਮਿਲੀ ਸਜ਼ਾ ਦਾ ਮਖੌਲ ਉਡਾਇਆ ਜਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੇ ਮੁੱਖੀ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਆਪਣੇ ਬਿਆਨ ਰਾਹੀਂ ਦਸਿਆ ਕਿ ਜਿੱਥੇ ਸਿੱਖ ਸਮਾਜ ਵਿਚ ਇਸ ਦਾ ਰੋਸ ਹੈ ਓਥੇ ਹੀ ਇਸ ਮਾਮਲੇ ਵਿਚ ਕਾਂਗਰਸ ਨੇ ਵੀ ਰਾਮ ਰਹੀਮ ਦੀ ਰਿਹਾਈ ਨੂੰ ਲੈ ਕੇ ਆਪਣਾ ਇਤਰਾਜ਼ ਜਤਾਇਆ ਹੈ ‘ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਣ ਦੇ ਬਾਵਜੂਦ ਬੀਤੀ ਦੇਰ ਰਾਤ ਸਰਕਾਰ ਨੇ ਰਾਮ ਰਹੀਮ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਸਵੇਰੇ ਪ੍ਰਸ਼ਾਸਨ ਨੇ ਉਸ ਨੂੰ ਰਿਹਾਅ ਕਰ ਦਿੱਤਾ। ਜਦਕਿ ਇਹ ਵੀ ਚਰਚਾ ਹੈ ਕਿ ਰਾਜ ਦੀਆਂ 32 ਤੋਂ ਵੱਧ ਵਿਧਾਨ ਸਭਾ ਸੀਟਾਂ ‘ਤੇ ਰਾਮ ਰਹੀਮ ਦਾ ਕਾਫੀ ਪ੍ਰਭਾਵ ਹੈ ਅਤੇ ਭਾਜਪਾ ਇਸ ਦਾ ਫਾਇਦਾ ਉਠਾਉਣਾ ਚਾਹੁੰਦੀ ਹੈ ਇਸ ਲਈ ਓਸ ਨੂੰ ਪੈਰੋਲ ਤੇ ਬਾਹਰ ਲਿਆਂਦਾ ਗਿਆ ਹੈ । ਇਕ ਪਾਸੇ ਕੇਂਦਰ ਅਤੇ ਰਾਜ ਸਰਕਾਰ ਰਾਮ ਰਹੀਮ ਤੇ ਮਿਹਰਬਾਨੀਆਂ ਜਤਾ ਰਹੀ ਹੈ ਦੂਜੇ ਪਾਸੇ ਓਹ ਸਿੱਖ ਸਿਆਸੀ ਬੰਦੀ ਸਿੰਘਾਂ ਦੇ ਮਾਮਲੇਆਂ ਨੂੰ ਅਣਦੇਖਿਆ ਕਰਕੇ ਸਿੱਖਾਂ ਨਾਲ ਵਿਸਾਹਘਾਤ ਕਮਾ ਰਹੀ ਹੈ ਤੇ ਇਸ ਮਾਮਲੇ ਵਿਚ ਕੁਝ ਸਿੱਖ ਅਖਵਾਉਂਦੇ ਚੇਹਰਿਆ ਵਲੋਂ ਓਸ ਦੀ ਹਾਂ ਵਿਚ ਹਾਂ ਮਿਲਾਣੀ ਤੇ ਬੰਦੀ ਸਿੰਘਾਂ ਲਈ ਹਾਅ ਦਾ ਨਾਹਰਾ ਨਾ ਮਾਰਨਾ ਉਨ੍ਹਾਂ ਦੇ ਸਿੱਖ ਹੋਣ ਤੇ ਸੁਆਲ ਚੁੱਕਦਾ ਹੈ । ਡੇਰਾ ਸਾਧ ਬਾਰੇ ਦਸਿਆ ਗਿਆ ਹੈ ਕਿ ਓਸ ਦਾ ਜੇਲ੍ਹ ਅੰਦਰ ਆਚਰਣ ਚੰਗਾ ਹੋਣ ਕਰਕੇ ਪੈਰੋਲ/ਫਰਲੋ ਦਿੱਤੀ ਜਾ ਰਹੀ ਹੈ ਤੇ ਅਸੀਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਬਾਰੇ ਦਾਹਵੇ ਨਾਲ ਕਹਿੰਦੇ ਹਾਂ ਕਿ ਜੇਲ੍ਹਾਂ ਅੰਦਰ ਉਨ੍ਹਾਂ ਦਾ ਆਚਰਣ ਡੇਰਾ ਸਾਧ ਤੋਂ ਵੀ ਕਈ ਗੁਣਾ ਜਿਆਦਾ ਚੰਗਾ ਹੈ, ਦੇ ਬਾਵਜੂਦ ਉਨ੍ਹਾਂ ਨੂੰ ਅਖੌ ਪਰੋਖੇ ਕਿਉਂ ਕੀਤਾ ਜਾਂਦਾ ਹੈ ਜਦਕਿ ਓਹ ਤਾਂ ਆਪਣੀ ਬਣਦੀ ਸਜ਼ਾ ਤੋਂ ਵੀ ਵੱਧ ਜੇਲ੍ਹ ਕੱਟ ਚੁੱਕੇ ਹਨ । ਬੰਦੀ ਸਿੰਘਾਂ ਨਾਲ ਕੀਤੇ ਜਾ ਰਹੇ ਭੇਦਭਾਵ ਕਰਕੇ ਸਾਨੂੰ ਡੇਰਾ ਸਾਧ ਵਿਰੁੱਧ ਸੁਪਰੀਮ ਕੋਰਟ ਵਿਚ ਜਾਣਾ ਪੈ ਰਿਹਾ ਹੈ ਤੇ ਅਸੀਂ ਓਸ ਨੂੰ ਬਾਰ ਬਾਰ ਦਿੱਤੀ ਜਾਂਦੀਆਂ ਰਿਹਾਈਆਂ ਨੂੰ ਚੈਲੇਂਜ ਕਰਕੇ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨੀ ਪਵੇਗੀ ।