Riot erupts in Syria’s Kobani prison: Prisoners set fires; chaos ensues following the deaths of 7 people
Syria ਦੀ ਕੋਬਾਨੀ ਜੇਲ੍ਹ ‘ਚ ਭੜਕਿਆ ਦੰਗਾ: ਕੈਦੀਆਂ ਨੇ ਲਗਾਈ ਅੱਗ, 7 ਲੋਕਾਂ ਦੀ ਮੌਤ ਨਾਲ ਮਚੀ ਹਫੜਾ-ਦਫੜੀ
ਦਮਿਸ਼ਕ (ਆਵਾਜ਼ਿ ਕੌਮ ਬਿਊਰੋ)- ਸੀਰੀਆ ਦੇ ਕੁਰਦ ਬਹੁਗਿਣਤੀ ਵਾਲੇ ਸ਼ਹਿਰ ਵਿਚ ਸ਼ਨੀਵਾਰ ਨੂੰ ਇੱਕ ਜੇਲ੍ਹ ਵਿੱਚ ਦੰਗਾ ਭੜਕ ਗਿਆ, ਜਿਸ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ‘ਸਨਾ’ (SANA) ਨੇ ਦੱਸਿਆ ਕਿ ਕੋਬਾਨੀ ਜੇਲ੍ਹ ਵਿੱਚ ਕੈਦੀਆਂ ਨੇ ਦੰਗਾ ਕੀਤਾ ਅਤੇ ਬਾਅਦ ਵਿੱਚ ਅੱਗ ਲਗਾ ਦਿੱਤੀ। ਇਹ ਘਟਨਾ ਸ਼ਹਿਰ ਵਿੱਚ ਕੁਰਦਾਂ ਅਤੇ ਅਰਬਾਂ ਵਿਚਕਾਰ ਪਿਛਲੇ ਦਿਨ ਵਧੇ ਤਣਾਅ ਤੋਂ ਬਾਅਦ ਵਾਪਰੀ। ਹਾਲਾਂਕਿ ਸੀਰੀਆਈ ਸਰਕਾਰੀ ਫੌਜਾਂ ਹਾਲ ਹੀ ਵਿੱਚ ਇਸ ਸ਼ਹਿਰ ਵਿੱਚ ਦਾਖਲ ਹੋਈਆਂ ਹਨ, ਜੋ ਤੁਰਕੀ ਦੀ ਸਰਹੱਦ ਨੇੜੇ ਸਥਿਤ ਹੈ ਪਰ ਜੇਲ੍ਹ ਅਜੇ ਵੀ ਕੁਰਦ ਲੜਾਕਿਆਂ ਦੇ ਕਬਜ਼ੇ ਹੇਠ ਹੈ। ਯੂਕੇ-ਅਧਾਰਤ ਜੰਗ-ਨਿਗਰਾਨ ਸੰਸਥਾ, ‘ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ’ ਨੇ ਕਿਹਾ ਕਿ ਇਹ ਦੰਗਾ ਕੁਝ ਕੈਦੀਆਂ ਨੂੰ ਉੱਤਰੀ ਸ਼ਹਿਰ ਅਲੇਪੋ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀਆਂ ਯੋਜਨਾਵਾਂ ਦੇ ਵਿਰੋਧ ਵਿੱਚ ਸ਼ੁਰੂ ਹੋਇਆ ਸੀ। ਕੋਬਾਨੀ ਨੂੰ ਲਗਭਗ ਇੱਕ ਦਹਾਕਾ ਪਹਿਲਾਂ ‘ਇਸਲਾਮਿਕ ਸਟੇਟ’ ਨੇ ਘੇਰ ਲਿਆ ਸੀ। ਬਾਅਦ ਵਿੱਚ ਇਹ ਅਮਰੀਕਾ-ਸਮਰਥਿਤ ਕੁਰਦ ਮੁਹਿੰਮ ਦਾ ਕੇਂਦਰ ਬਣ ਗਿਆ, ਜਿਸ ਨੇ 2019 ਵਿੱਚ ਇਸ ਕੱਟੜਪੰਥੀ ਸਮੂਹ ਦੇ ਕਬਜ਼ੇ ਹੇਠਲੇ ਆਖਰੀ ਇਲਾਕੇ ਨੂੰ ਵੀ ਉਨ੍ਹਾਂ ਤੋਂ ਵਾਪਸ ਲੈ ਲਿਆ ਸੀ। ਸ਼ੁੱਕਰਵਾਰ ਨੂੰ ਕੋਬਾਨੀ ਵਿੱਚ ਦੰਗੇ ਭੜਕ ਗਏ ਸਨ, ਜਦੋਂ ਕੁਰਦ ਭਾਈਚਾਰੇ ਨੇ ਇੱਕ ਕੁਰਦ ਵਿਅਕਤੀ ਦੀ ਹੱਤਿਆ ਲਈ ਅਰਬਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉੱਤਰ-ਪੂਰਬੀ ਸੀਰੀਆ ਨੂੰ ਦਮਿਸ਼ਕ ਪ੍ਰਸ਼ਾਸਨ ਦੇ ਕੰਟਰੋਲ ਹੇਠ ਲਿਆਉਣ ਦੀਆਂ ਹਾਲੀਆ ਕੋਸ਼ਿਸ਼ਾਂ ਦੇ ਬਾਵਜੂਦ ਕੁਰਦ ਘੱਟ-ਗਿਣਤੀ ਅਤੇ ਕੇਂਦਰੀ ਸਰਕਾਰ ਵਿਚਕਾਰ ਤਣਾਅ ਬਣਿਆ ਹੋਇਆ ਹੈ। ਅਗਸਤ ਦੇ ਅਖੀਰ ਵਿੱਚ ਅਮਰੀਕਾ-ਸਮਰਥਿਤ ਅਤੇ ਕੁਰਦ-ਅਗਵਾਈ ਵਾਲੀਆਂ ‘ਸੀਰੀਅਨ ਡੈਮੋਕਰੇਟਿਕ ਫੋਰਸਿਜ਼’ ਦੇ ਕਮਾਂਡਰ ਨੇ ਸੰਗਠਨ ਨੂੰ ਰਸਮੀ ਤੌਰ ‘ਤੇ ਭੰਗ ਕਰਨ ਦਾ ਐਲਾਨ ਕੀਤਾ ਸੀ।

