Indian woman arrested in the US on charges of murdering two female friends
ਅਮਰੀਕਾ ’ਚ 2 ਸਹੇਲੀਆਂ ਦੇ ਕਤਲ ਦੇ ਦੋਸ਼ ‘ਚ ਭਾਰਤੀ ਔਰਤ ਗ੍ਰਿਫ਼ਤਾਰ
ਹਿਊਸਟਨ (ਆਵਾਜ਼ਿ ਕੌਮ ਬਿਊਰੋ)-ਕੈਲੀਫੋਰਨੀਆ ਵਿਚ ਵੱਖ-ਵੱਖ ਘਟਨਾਵਾਂ ਵਿਚ ਆਪਣੀਆਂ 2 ਸਹੇਲੀਆਂ ਦਾ ਕਤਲ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਇਕ ਸਹੇਲੀ ਨੂੰ ਚਾਕੂ ਮਾਰਿਆ ਅਤੇ ਦੂਜੀ ਨੂੰ ਆਪਣੀ ਕਾਰ ਨਾਲ ਦਰੜ ਦਿੱਤਾ। ਮੀਡੀਆ ਵਿਚ ਆਈਆਂ ਖ਼ਬਰਾਂ ਅਤੇ ਪੁਲਸ ਅਨੁਸਾਰ, ਭਾਰਤੀ ਮੂਲ ਦੀ 32 ਸਾਲਾ ਔਰਤ ਅਨੀਲਾ ਬੇਬੀ ਨੇ ਕਥਿਤ ਤੌਰ ’ਤੇ ਆਪਣੀਆਂ 2 ਸਹੇਲੀਆਂ ਐੱਨ. ਮੈਰੀ ਮੈਥਿਊ (35) ਅਤੇ ਅੰਜਨਾ ਹਰੀ (35) ਦਾ ਲਗਭਗ 90 ਮਿੰਟਾਂ ਦੇ ਫ਼ਾਸਲੇ ਵਿਚ ਵੱਖ-ਵੱਖ ਹਮਲਿਆਂ ਵਿਚ ਕਤਲ ਕਰ ਦਿੱਤਾ। ਦੋਸ਼ੀ ਅਤੇ ਦੋਵੇਂ ਮ੍ਰਿਤਕ ਔਰਤਾਂ ਕੇਰਲਮ ਦੀਆਂ ਰਹਿਣ ਵਾਲੀਆਂ ਸਨ। ਇਹ ਕਤਲ 28 ਅਗਸਤ ਨੂੰ ਸੈਨ ਜੋਸ ਅਤੇ ਮਿਲਪਿਟਾਸ ਵਿਚ ਹੋਏ। ਇਹ ਦੋਵੇਂ ਸ਼ਹਿਰ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਸਾਊਥ-ਬੇ ਇਲਾਕੇ ਵਿਚ ਹਨ ਅਤੇ ਇਨ੍ਹਾਂ ਵਿਚਾਲੇ ਦੂਰੀ 20 ਕਿਲੋਮੀਟਰ ਤੋਂ ਵੀ ਘੱਟ ਹੈ। ਬਾਅਦ ਵਿਚ ਜਾਂਚਕਾਰਾਂ ਨੇ ਦੋਵਾਂ ਕਤਲਾਂ ਦੀਆਂ ਕੜੀਆਂ ਨੂੰ ਜੋੜਿਆ ਅਤੇ ਬੇਬੀ ਦੀ ਪਛਾਣ ਸ਼ੱਕੀ ਵਜੋਂ ਕੀਤੀ। ਬੇਬੀ ਨੂੰ ਉਸੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਅਤੇ ਸ਼ੁਰੂ ਵਿਚ ਮਿਲਪਿਟਾਸ ਕਤਲ ਮਾਮਲੇ ਵਿਚ ਉਸ ’ਤੇ ਦੋਸ਼ ਲਾਏ ਗਏ।

