Another plane hit by turbulence! Diverted after three failed landing attempts
ਇਕ ਹੋਰ ਜਹਾਜ਼ ਹੋ ਗਿਆ ਟਰਬੂਲੈਂਸ ਦਾ ਸ਼ਿਕਾਰ ! 3 ਵਾਰ ਲੈਂਡਿੰਗ ਨਾਕਾਮ ਹੋਣ ਮਗਰੋਂ ਕੀਤਾ ਗਿਆ ਡਾਇਵਰਟ
New Delhi, (ਆਵਾਜ਼ਿ ਕੌਮ ਬਿਊਰੋ)-ਪਿਛਲੇ ਕੁਝ ਸਮੇਂ ਦੌਰਾਨ ਜਹਾਜ਼ ਹਾਦਸਿਆਂ ਅਤੇ ਤਕਨੀਕੀ ਗੜਬੜੀਆਂ ਵਰਗੀਆਂ ਖ਼ਬਰਾਂ ਕਾਫ਼ੀ ਤੇਜ਼ੀ ਨਾਲ ਵਧੀਆਂ ਹਨ। ਇਸੇ ਦੌਰਾਨ ਇਕ ਹੋਰ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਟਿਊਨੀਸ਼ੀਆ ਜਾ ਰਹੀ ‘ਟਰਕਿਸ਼ ਏਅਰਲਾਈਨਜ਼’ ਦੀ ਇੱਕ ਫਲਾਈਟ ਭਾਰੀ ਟਰਬੂਲੈਂਸ ਦਾ ਸ਼ਿਕਾਰ ਹੋ ਗਈ। ਅਚਾਨਕ ਜਹਾਜ਼ ‘ਚ ਮਚੀ ਇਸ ਉਥਲ-ਪੁਥਲ ਕਾਰਨ ਯਾਤਰੀਆਂ ਦੇ ਮਨ ‘ਚ ਦਹਿਸ਼ਤ ਫੈਲ ਗਈ। ਟਿਊਨਿਸ-ਕਾਰਥੇਜ ਇੰਟਰਨੈਸ਼ਨਲ ਏਅਰਪੋਰਟ’ਤੇ ਲੈਂਡਿੰਗ ਦੀਆਂ 3 ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਜਹਾਜ਼ ਨੂੰ ਦੂਜੇ ਹਵਾਈ ਅੱਡੇ ਵੱਲ ਡਾਇਵਰਟ ਕਰਨਾ ਪਿਆ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਜਹਾਜ਼ ‘ਚ ਬੈਠੇ ਯਾਤਰੀ ਡਰ ਦੇ ਮਾਰੇ ਚੀਕਾਂ ਮਾਰਦੇ ਦਿਖਾਈ ਦੇ ਰਹੇ ਹਨ। ਇਹ ਜਹਾਜ਼ ਖ਼ਰਾਬ ਮੌਸਮ ਅਤੇ ਹਵਾ ਦੇ ਤੇਜ਼ ਝਟਕਿਆਂ ਕਾਰਨ ਹਵਾ ਵਿਚਾਲੇ ਬੁਰੀ ਤਰ੍ਹਾਂ ਡੋਲਣ ਲੱਗਾ, ਜਿਸ ਨਾਲ ਯਾਤਰੀਆਂ ‘ਚ ਹਫੜਾ-ਦਫ਼ੜੀ ਮਚ ਗਈ। ਇੱਕ ਯਾਤਰੀ ਨੇ ਇਸ ਘਟਨਾ ਦੀ ਵੀਡੀਓ ਆਪਣੇ ਫੋਨ ਦੇ ਕੈਮਰੇ ‘ਚ ਕੈਦ ਕਰ ਕੇ ਇਸ ਨੂੰ ਇੰਸਟਾਗ੍ਰਾਮ ‘ਤੇ ਅਪਲੋਡ ਕਰ ਦਿੱਤਾ। ਇਸ ਵੀਡੀਓ ‘ਚ ਉਸ ਨੇ ਦੱਸਿਆ ਕਿ ਕਿਵੇਂ ਤੇਜ਼ ਝਟਕਿਆਂ ਤੋਂ ਬਾਅਦ ਇਹ ਜਹਾਜ਼ ਤੀਜੀ ਵਾਰ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਅਚਾਨਕ ਬਹੁਤ ਤੇਜ਼ੀ ਨਾਲ ਹੇਠਾਂ ਵੱਲ ਡਿਗਣ ਲੱਗ ਪਿਆ ਸੀ। ਇਸ ਘਟਨਾ ਮਗਰੋਂ ਟਿਊਨਿਸ-ਕਾਰਥੇਜ ਹਵਾਈ ਅੱਡੇ ‘ਤੇ ਲੈਂਡਿੰਗ ਕਰਨ ‘ਚ ਨਾਕਾਮ ਰਹਿਣ ਮਗਰੋਂ ਪਾਇਲਟ ਨੇ ਸੂਝ-ਬੂਝ ਦਿਖਾਉਂਦਿਆਂ ਜਹਾਜ਼ ਨੂੰ ਦੂਜੇ ਨਜ਼ਦੀਕੀ ਏਅਰਪੋਰਟ ਵੱਲ ਮੋੜ ਦਿੱਤਾ, ਜਿੱਥੇ ਇਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਹਾਜ਼ ਦੇ ਸੁਰੱਖਿਅਤ ਲੈਂਡ ਕਰਨ ਤੋਂ ਬਾਅਦ ਸਾਰੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ। ਫਿਲਹਾਲ ਏਅਰਲਾਈਨ ਵੱਲੋਂ ਘਟਨਾ ਨਾਲ ਜੁੜੀ ਹੋਰ ਜਾਣਕਾਰੀ ਦੀ ਸਮੀਖਿਆ ਕੀਤੀ ਜਾ ਰਹੀ ਹੈ।

