2 gangsters killed in police encounter in Punjab
ਪੰਜਾਬ ‘ਚ 2 ਗੈਂਗਸਟਰ ਪੁਲਸ ਮੁਕਾਬਲੇ ‘ਚ ਢੇਰ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਮਹਾਨਗਰ ਦੇ ਆਤਮ ਪਾਰਕ ਇਲਾਕੇ ਵਿਚ ਐਤਵਾਰ ਦੁਪਹਿਰ ਐਂਟੀ-ਗੈਂਗਸਟਰ ਟਾਸਕ ਫ਼ੋਰਸ ਤੇ ਲੁਧਿਆਣਾ ਕਮਿਸ਼ਨਰੇਟ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਹੋਏ ਸਖਤ ਮੁਕਾਬਲੇ ਵਿਚ 2 ਬਦਨਾਮ ਗੈਂਗਸਟਰ ਢੇਰ ਹੋ ਗਏ। ਦੋਵਾਂ ਪਾਸਿਓਂ 25 ਰਾਊਂਡ ਤੋਂ ਵੱਧ ਗੋਲੀਆਂ ਚੱਲੀਆਂ। ਐਂਟੀ ਗੈਂਗਸਟਰ ਟਾਸਕ ਫ਼ੋਰਸ ਨੂੰ ਪੱਕੀ ਖੁਫੀਆ ਸੂਚਨਾ ਮਿਲੀ ਸੀ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ ਦੇ ਗੁਰਗੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਸ਼ਹਿਰ ਵਿਚ ਘੁੰਮ ਰਹੇ ਹਨ। ਇਸ ’ਤੇ ਪੁਲਸ ਟੀਮਾਂ ਨੇ ਆਤਮ ਪਾਰਕ ਬਾਹਰ ਸ਼ੱਕੀ ਕਾਰ ਦੀ ਘੇਰਾਬੰਦੀ ਕੀਤੀ। ਖ਼ੁਦ ਨੂੰ ਘਿਰਦਾ ਦੇਖ ਬਦਮਾਸ਼ਾਂ ਨੇ ਪੁਲਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਸ਼ੂਟਰ ਮੌਕੇ ’ਤੇ ਹੀ ਮਾਰੇ ਗਏ।ਵਾਰਦਾਤ ਤੋਂ ਤੁਰੰਤ ਬਾਅਦ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਤੇ ਫ਼ਾਰੈਂਸਿਕ ਟੀਮਾਂ ਘਟਨਾ ਸਥਾਨ ’ਤੇ ਪਹੁੰਚੀਆਂ। ਸੀ. ਪੀ. ਨੇ ਦੱਸਿਆ ਕਿ ਤਲਾਸ਼ੀ ਦੌਰਾਨ 3 ਆਟੋਮੈਟਿਕ 9 ਐੱਮ.ਐੱਮ. ਪਿਸਤੌਲ, ਕਈ ਮੈਗਜ਼ੀਨ ਤੇ ਭਾਰੀ ਮਾਤਰਾ ਵਿਚ ਕਾਰਤੂਸ ਬਰਾਮਦ ਹੋਏ ਹਨ। ਸੀ. ਪੀ. ਸਵਪਨ ਸ਼ਰਮਾ ਮੁਤਾਬਕ ਇਸ ਮਾਮਲੇ ਦੀਆਂ ਕੜੀਆਂ 2016 ਦੇ ਚਰਚਿਤ ਰਵੀ ਖਵਾਜਕੇ ਹੱਤਿਆਕਾਂਡ ਨਾਲ ਜੁੜੀਆਂ ਹਨ। ਆਤਮ ਪਾਰਕ ਕੋਲ ਰਵੀ ਖਵਾਜਕੇ ਦੀ ਯਾਦ ਵਿਚ ਆਯੋਜਿਤ ਖ਼ੂਨਦਾਨ ਕੈਂਪ ਵਿਚ ਆਏ ਕੁਝ ਖ਼ਾਸ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਇਨ੍ਹਾਂ ਸ਼ੂਟਰਾਂ ਨੂੰ ਮਿਲਿਆ ਸੀ। ਮਾਰੇ ਗਏ ਦੋਵੇਂ ਦੋਸ਼ੀ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਤੇ ਵਿਦੇਸ਼ ਵਿਚ ਬੈਠੇ ਗੈਂਗਸਟਰ ਜੌਨੀ ਬਲ ਦੇ ਸਿੱਧੇ ਸੰਪਰਕ ਵਿਚ ਸਨ। ਉਸੇ ਨੇ ਗੱਡੀ, ਹਥਿਆਰ ਮੁਹੱਈਆ ਕਰਵਾਏ ਸਨ। ਪੁਲਸ ਦੀ ਮੁਸਤੈਦੀ ਨਾਲ ਮਹਾਨਗਰ ਵਿਚ ਵੱਡੀ ਗੈਂਗਵਾਰ ਟਲ ਗਈ।

