Kullu Valley’s ‘Amarphal’ to reach the country’s markets by rail; first consignment dispatched from Ludhiana to Howrah
ਕੁੱਲੂ ਘਾਟੀ ਦਾ ‘ਅਮਰਫਲ’ ਰੇਲ ਰਾਹੀਂ ਪੁੱਜੇਗਾ ਦੇਸ਼ ਦੀਆਂ ਮੰਡੀਆਂ ‘ਚ, ਲੁਧਿਆਣਾ ਤੋਂ ਹਾਵੜਾ ਲਈ ਪਹਿਲੀ ਖੇਪ ਰਵਾਨਾ
ਜੈਤੋ (ਆਵਾਜ਼ਿ ਕੌਮ ਬਿਊਰੋ)-ਫਿਰੋਜ਼ਪੁਰ ਡਿਵੀਜ਼ਨ (ਉੱਤਰੀ ਰੇਲਵੇ) ਦੇ ਡਿਵੀਜ਼ਨਲ ਰੇਲਵੇ ਮੈਨੇਜਰ (DRM) ਸੰਜੀਵ ਕੁਮਾਰ ਦੀ ਅਗਵਾਈ ਅਤੇ ਡਿਵੀਜ਼ਨ ਦੀ ‘ਬਿਜ਼ਨੈੱਸ ਡਿਵੈਲਪਮੈਂਟ ਯੂਨਿਟ’ ਦੇ ਵਿਸ਼ੇਸ਼ ਯਤਨਾਂ ਸਦਕਾ ਰੇਲ ਰਾਹੀਂ “ਪਰਸੀਮਨ” (Persimmon) (ਇੱਕ ਕਿਸਮ ਦਾ ਫਲ) ਦੀ ਢੋਆ-ਢੁਆਈ ਲਈ ਨਵਾਂ ਮਾਲ ਢੋਣ ਦਾ ਕਾਰੋਬਾਰ ਹਾਸਲ ਕੀਤਾ ਗਿਆ ਹੈ। 12 ਸਤੰਬਰ 2024 ਨੂੰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਰੇਲਗੱਡੀ ਨੰਬਰ 13006 (ਅੰਮ੍ਰਿਤਸਰ-ਹਾਵੜਾ ਮੇਲ) ਦੇ SLR (ਸੀਟਿੰਗ-ਕਮ-ਲਗੇਜ ਰੈਕ) ਵਿੱਚ ਪਰਸੀਮਨ ਦੀ ਇੱਕ ਖੇਪ ਸਫਲਤਾਪੂਰਵਕ ਲੋਡ ਕੀਤੀ ਗਈ। ਹਾਵੜਾ ਭੇਜਣ ਲਈ ਲੁਧਿਆਣਾ ਵਿਖੇ ਕੁੱਲ 2,600 ਕਿਲੋਗ੍ਰਾਮ ਪਰਸੀਮਨ, ਜੋ ਕਿ 98 ਪੈਕੇਜਾਂ ਵਿੱਚ ਪੈਕ ਕੀਤੇ ਗਏ ਸਨ, ਲੋਡ ਕੀਤੇ ਗਏ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਸਮੇਤ ਠੰਡੇ ਜਲਵਾਯੂ ਵਾਲੇ ਬਾਗਬਾਨੀ ਖੇਤਰਾਂ ਦੇ ਕਿਸਾਨ ਘੱਟ ਉਤਪਾਦਨ ਲਾਗਤ, ਬਿਹਤਰ ਮੰਡੀ ਭਾਅ ਅਤੇ ਵਧਦੀ ਘਰੇਲੂ ਮੰਗ ਕਾਰਨ ਪਰਸੀਮਨ ਦੀ ਖੇਤੀ ਨੂੰ ਤੇਜ਼ੀ ਨਾਲ ਅਪਣਾ ਰਹੇ ਹਨ। “ਜਾਪਾਨੀ ਫਲ” ਜਾਂ “ਅਮਰਫਲ” ਵਜੋਂ ਵੀ ਜਾਣਿਆ ਜਾਣ ਵਾਲਾ ਪਰਸੀਮਨ ਇੱਕ ਪੌਸ਼ਟਿਕ ਅਤੇ ਘੱਟ ਕੈਲੋਰੀ ਵਾਲਾ ਫਲ ਹੈ ਜੋ ਵਿਟਾਮਿਨ-ਸੀ, ਫਾਈਬਰ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਬਦਲਦੇ ਮੌਸਮੀ ਹਾਲਾਤਾਂ ਦੇ ਮੁਕਾਬਲੇ ਇਸ ਨੂੰ ਸੇਬ ਨਾਲੋਂ ਵਧੇਰੇ ਸਹਿਣਸ਼ੀਲ ਮੰਨਿਆ ਜਾਂਦਾ ਹੈ। ਫਿਰੋਜ਼ਪੁਰ ਡਿਵੀਜ਼ਨ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਉਪਰਾਲਿਆਂ ਸਦਕਾ, ਹਿਮਾਚਲ ਪ੍ਰਦੇਸ਼ ਤੋਂ ਲੁਧਿਆਣਾ ਰਾਹੀਂ ਪਰਸੀਮਨ ਦੀ ਇਹ ਰੇਲ-ਅਧਾਰਿਤ ਢੋਆ-ਢੁਆਈ ਸੰਭਵ ਹੋ ਸਕੀ ਹੈ। ਫਿਲਹਾਲ, ਪਰਸੀਮਨ ਹਾਵੜਾ, ਕੋਲਕਾਤਾ ਅਤੇ ਸ਼ਿਆਲਦਾਹ ਭੇਜੇ ਜਾ ਰਹੇ ਹਨ ਅਤੇ ਨੇੜਲੇ ਭਵਿੱਖ ਵਿੱਚ ਪਟਨਾ ਤੇ ਗੁਹਾਟੀ ਵਰਗੇ ਹੋਰ ਪ੍ਰਮੁੱਖ ਸਥਾਨਾਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ (ਫਰੇਟ/ਮਾਲ ਢੋਆ-ਢੁਆਈ) ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਦੀ ਭਰੋਸੇਯੋਗ ਅਤੇ ਸਮੇਂ ਦੀ ਪਾਬੰਦ ਮਾਲ ਢੋਆ-ਢੁਆਈ ਪ੍ਰਣਾਲੀ ਵਪਾਰੀਆਂ ਨੂੰ ਬਿਹਤਰੀਨ ਸਹੂਲਤ ਪ੍ਰਦਾਨ ਕਰਦੀ ਹੈ। ਡਿਵੀਜ਼ਨ ਮਾਲ ਢੋਆ-ਢੁਆਈ ਨੂੰ ਵਧਾਉਣ ਅਤੇ ਵਾਤਾਵਰਣ-ਅਨੁਕੂਲ ਆਵਾਜਾਈ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

