‘Punjab and Sikh history should be retained in the PU syllabus’: Harsimrat Kaur Badal writes to the Centre
‘PU ਸਿਲੇਬਸ ‘ਚ ਪੰਜਾਬ ਤੇ ਸਿੱਖ ਇਤਿਹਾਸ ਨੂੰ ਰੱਖਿਆ ਜਾਵੇ ਬਰਕਰਾਰ’ ਹਰਸਿਮਰਤ ਕੌਰ ਬਾਦਲ ਦੀ ਕੇਂਦਰ ਨੂੰ ਚਿੱਠੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਅਮੀਰ ਇਤਿਹਾਸ ਨੂੰ ਸਹੀ, ਵਿਆਪਕ ਅਤੇ ਲਾਜ਼ਮੀ ਤੌਰ ‘ਤੇ ਪੰਜਾਬ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ (ਇਤਿਹਾਸ) ਦੇ ਸਿਲੇਬਸ ਵਿੱਚ ਬਰਕਰਾਰ ਰੱਖਿਆ ਜਾਵੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਯੂਨੀਵਰਸਿਟੀ ਦੇ ਹਾਲ ਹੀ ਵਿਚ ਉਠਾਏ ਗਏ ਕਦਮ ਦਾ ਸਖ਼ਤ ਵਿਰੋਧ ਕੀਤਾ, ਤਾਂ ਉਨ੍ਹਾਂ ਨੇ ਜ਼ੁਬਾਨੀ ਭਰੋਸਾ ਦਿੱਤਾ ਕਿ ਪਹਿਲਾਂ ਵਾਲਾ ਫ਼ੈਸਲਾ ਬਦਲ ਦਿੱਤਾ ਜਾਵੇਗਾ। ਹਾਲਾਂਕਿ, ਇਸ ਕਦਮ ਨਾਲ ਜੋ ਭਰੋਸੇਯੋਗਤਾ ਘਟੀ ਹੈ, ਉਸ ਨੂੰ ਦੇਖਦੇ ਹੋਏ, ਇਸ ਭਰੋਸੇ ਨੂੰ ਮੁੜ ਬਹਾਲ ਕਰਨ ਲਈ ਰਸਮੀ ਤੌਰ ‘ਤੇ ਇੱਕ ਲਿਖ਼ਤੀ ਆਦੇਸ਼ ਦਿੱਤਾ ਜਾਣਾ ਵੀ ਜ਼ਰੂਰੀ ਹੈ। ਸੰਸਦ ਮੈਂਬਰ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਇਸ ਬਾਬਤ ਲਿਖਤੀ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੂਲ ਇਤਿਹਾਸ ਸਿਲੇਬਸ ਬਰਕਰਾਰ ਰਹੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪੰਜ ਸਦੀਆਂ ਤੋਂ ਪੰਜਾਬ ਦੇ ਖੇਤਰੀ ਇਤਿਹਾਸ ਦਾ ਅਧਿਐਨ ਅਕਾਦਮਿਕ ਸਿਲੇਬਸ ਦਾ ਇਕ ਅਨਿੱਖੜਵਾਂ ਅੰਗ ਬਣਿਆ ਰਹੇ। ਉਨ੍ਹਾਂ ਨੇ ਪੰਜਾਬੀਆਂ ਲਈ ਪੰਜਾਬ ਅਤੇ ਸਿੱਖ ਇਤਿਹਾਸ ਦੀ ਡੂੰਘੀ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਨੂੰ ਪਛਾਣਨ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਬੀਬਾ ਬਾਦਲ ਨੇ ਇਹ ਵੀ ਜਾਂਚ ਕਰਵਾਉਣ ਦੀ ਨਿਰਦੇਸ਼ ਦਿੱਤੇ ਕਿ ਇਹ ਫ਼ੈਸਲਾ ਕਿਹੜੇ ਹਾਲਾਤ ਵਿਚ ਲਿਆ ਗਿਆ ਤੇ ਨਾਲ ਹੀ ਅਜਿਹੀ ਛੇੜਛਾੜ ਭਵਿੱਖ ਵਿਚ ਮੁੜ ਤੋਂ ਨਾ ਦੁਹਰਾਉਣ ਦਾ ਵਾਅਦਾ ਕਰਨ ਲਈ ਵੀ ਕਿਹਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਸਬੰਧੀ ਕੋਈ ਵੀ ਫ਼ੈਸਲਾ ਕਰਦੇ ਸਮੇਂ ਪੰਜਾਬ ਦੇ ਹਿੱਤ, ਇਸ ਦੇ ਇਤਿਹਾਸ ਅਤੇ ਇਸ ਦੀ ਵਿਰਾਸਤ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਸਾਡੇ ਪੰਜਾਬ ਦੇ ਅਮੀਰ ਇਤਿਹਾਸ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਦਾ, ਮਿਟਾਇਆ ਨਹੀਂ ਜਾ ਸਕਦਾ ਜਾਂ ਇਸ ਤਰ੍ਹਾਂ ਅਣਗੌਲਿਆ ਨਹੀਂ ਜਾ ਸਕਦਾ। ਇਹ ਅਸੀਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਾਂਗੇ।

