Racist attack on a Punjabi man in the US! Condition critical
ਅਮਰੀਕਾ ‘ਚ ਪੰਜਾਬੀ ਵਿਅਕਤੀ ‘ਤੇ ਨਸਲੀ ਹਮਲਾ ! ਹਾਲਤ ਗੰਭੀਰ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਇੱਕ ਟਰੱਕ ਡਰਾਈਵਰ ‘ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ‘ਡਬਲਯੂਜੇ ਟ੍ਰਾਂਸਪੋਰਟ’ ਲਈ ਕੰਮ ਕਰਨ ਵਾਲੇ ਪੰਜਾਬੀ ਡਰਾਈਵਰ ਗੁਰਵਿੰਦਰ ਸਿੰਘ ‘ਤੇ ਰੈਸਟ ਲੇਨ ‘ਚ ਆਰਾਮ ਕਰਦੇ ਸਮੇਂ ਇੱਕ ਗੋਰੇ ਹਮਲਾਵਰ ਵੱਲੋਂ ਪਹਿਲਾਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਅਤੇ ਬਾਅਦ ‘ਚ ਚਾਕੂ ਨਾਲ ਤਾਬੜਤੋੜ ਵਾਰ ਕਰ ਦਿੱਤੇ ਗਏ। ਗੁਰਵਿੰਦਰ ਸਿੰਘ ਨੂੰ 20 ਤੋਂ ਵੱਧ ਵਾਰ ਚਾਕੂ ਮਾਰੇ ਗਏ ਹਨ, ਜਿਸ ਕਾਰਨ ਉਸ ਦਾ ਬਹੁਤ ਜ਼ਿਆਦਾ ਖ਼ੂਨ ਵਹਿ ਗਿਆ। ਹਮਲੇ ਤੋਂ ਬਾਅਦ ਉਸ ਨੇ ਆਪਣੀ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਅੱਗੇ ਜਾ ਕੇ ਬੇਹੋਸ਼ ਹੋ ਕੇ ਡਿੱਗ ਪਿਆ। ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈ ਵੀਡੀਓ ਵਿੱਚ ਟਰੱਕ (ਨੰਬਰ 11240) ਦੇ ਨੇੜੇ ਅਤੇ 100 ਮੀਟਰ ਤੱਕ ਖ਼ੂਨ ਦੇ ਛਿੱਟੇ ਖਿੰਡੇ ਹੋਏ ਦਿਖਾਈ ਦੇ ਰਹੇ ਹਨ। ਸ਼ੁਰੂਆਤ ਵਿੱਚ ਉਸ ਦੀ ਮੌਤ ਦੀਆਂ ਅਫ਼ਵਾਹਾਂ ਫੈਲ ਗਈਆਂ ਸਨ, ਪਰ ਬਾਅਦ ਵਿੱਚ ਭਾਈਚਾਰੇ ਦੇ ਮੈਂਬਰ ਗੁਰਮੀਤ ਸਿੰਘ ਕੈਲੀਫੋਰਨੀਆ ਨੇ ਸਪੱਸ਼ਟ ਕੀਤਾ ਕਿ ਗੁਰਵਿੰਦਰ ਸਿੰਘ ਜਿਊਂਦਾ ਹੈ ਅਤੇ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਇਲਾਜ ਅਧੀਨ ਹੈ। ਫਿਲਹਾਲ ਉਹ ਬੋਲਣ ਦੀ ਹਾਲਤ ਵਿੱਚ ਨਹੀਂ ਹੈ, ਜਿਸ ਕਰਕੇ ਉਸ ਦੇ ਪੰਜਾਬ ਸਥਿਤ ਘਰ ਦੇ ਪਤੇ ਦੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ। ਉਹ ਡਬਲਿਊਜੇ ਟਰਾਂਸਪੋਰਟ ਨਾਲ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਡਰਾਈਵਰ ਆਪਣਾ ਟਰੱਕ ਰੈਸਟ ਲੇਨ ਵਿੱਚ ਖੜ੍ਹਾ ਕਰਕੇ ਆਰਾਮ ਕਰ ਰਿਹਾ ਸੀ ਜਦੋਂ ਇਹ ਹਮਲਾ ਹੋਇਆ।ਅਮਰੀਕਾ ਸਥਿਤ ਪੰਜਾਬੀ ਭਾਈਚਾਰੇ ਦੇ ਮੈਂਬਰ ਪਵਿੱਤਰ ਸਿੰਘ ਅਨੁਸਾਰ ਇਸ ਘਟਨਾ ਨੇ ਪ੍ਰਵਾਸੀਆਂ ਵਿੱਚ ਭਾਰੀ ਰੋਸ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਸਥਾਨਕ ਪੁਲਿਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ, ਪਰ ਹਾਲੇ ਤੱਕ ਹਮਲਾਵਰ ਦੀ ਪਛਾਣ ਜਾਂ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

