Ban on filling petrol in these vehicles! New directive issued for petrol pumps
ਇਨ੍ਹਾਂ ਵਾਹਨਾਂ ‘ਚ ਪੈਟਰੋਲ ਭਰਨ ‘ਤੇ ਬੈਨ! ਪੈਟਰੋਲ ਪੰਪਾਂ ਲਈ ਨਵਾਂ ਫ਼ਰਮਾਨ ਜਾਰੀ
ਜਲੰਧਰ/ਅੰਮ੍ਰ੍ਤਿਸਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ’ਚ ਅਪਰਾਧਿਕ ਗਤੀਵਿਧੀਆਂ ’ਤੇ ਪ੍ਰਭਾਵੀ ਢੰਗ ਨਾਲ ਠੱਲ੍ਹ ਪਾਉਣ ਲਈ ਪੁਲਸ ਨੇ ਪੈਟਰੋਲ ਪੰਪ ਸੰਚਾਲਕਾਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਬਿਨਾਂ ਨੰਬਰ ਪਲੇਟ, ਨੰਬਰ ਪਲੇਟ ਹਟਾ ਕੇ ਜਾਂ ਨੰਬਰ ਨਾਲ ਛੇੜਛਾੜ ਕੀਤੇ ਹੋਏ ਦੋਪਹੀਆ ਵਾਹਨਾਂ ’ਚ ਪੈਟਰੋਲ ਭਰਨ ਤੋਂ ਪੈਟਰੋਲ ਪੰਪ ਸੰਚਾਲਕਾਂ ਨੂੰ ਬਚਣਾ ਚਾਹੀਦਾ ਹੈ। ਉਨ੍ਹਾਂ ਪੈਟਰੋਲ ਪੰਪ ਮਾਲਕਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਸਪੱਸ਼ਟ ਰੂਪ ’ਚ ਹਦਾਇਤ ਦੇਣ ਕਿ ਅਜਿਹੇ ਵਾਹਨਾਂ ਨੂੰ ਪੈਟਰੋਲ ਨਾ ਦਿੱਤਾ ਜਾਵੇ। ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਵਲੋਂ ਵੱਖ-ਵੱਖ ਅਪਰਾਧਿਕ ਘਟਨਾਵਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਈ ਮਾਮਲਿਆਂ ’ਚ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਨੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਦੋਪਹੀਆ ਵਾਹਨਾਂ ਦੀ ਵਰਤੋਂ ਕੀਤੀ। ਇਨ੍ਹਾਂ ’ਚ ਕਈ ਵਾਹਨ ਅਜਿਹੇ ਪਾਏ ਗਏ, ਜਿਨ੍ਹਾਂ ’ਤੇ ਨੰਬਰ ਪਲੇਟ ਨਹੀਂ ਲੱਗੀ ਸੀ ਜਾਂ ਨੰਬਰ ਪਲੇਟ ਨਾਲ ਛੇੜਛਾੜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਅਕਸਰ ਇਨ੍ਹਾਂ ਹੀ ਦੋਪਹੀਆ ਵਾਹਨਾਂ ’ਤੇ ਫ਼ਰਾਰ ਹੋ ਜਾਂਦੇ ਹਨ ਅਤੇ ਰਸਤੇ ’ਚ ਪੈਟਰੋਲ ਪੰਪਾਂ ਤੋਂ ਪੈਟਰੋਲ ਭਰਵਾਉਂਦੇ ਹਨ। ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਪੁਲਸ ਨੇ ਕਈ ਅਪਰਾਧਿਕ ਘਟਨਾਵਾਂ ਨਾਲ ਸਬੰਧਿਤ ਪੈਟਰੋਲ ਪੰਪਾਂ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਹੈ। ਫੁਟੇਜ ’ਚ ਅਜਿਹੇ ਦੋਪਹੀਆ ਵਾਹਨ ਵਿਖਾਈ ਦਿੱਤੇ ਹਨ, ਜਿਨ੍ਹਾਂ ’ਤੇ ਨੰਬਰ ਪਲੇਟ ਨਹੀਂ ਸੀ ਜਾਂ ਨੰਬਰ ਸਪੱਸ਼ਟ ਰੂਪ ’ਚ ਵਿਖਾਈ ਨਹੀਂ ਦੇ ਰਹੇ ਸਨ।

