Heavy shopping via UPI during Diwali; transactions worth Rs 4.99 lakh crore recorded in 4 days
ਦੀਵਾਲੀ ’ਚ UPI ਰਾਹੀਂ ਜੰਮ ਕੇ ਹੋਈ ਖਰੀਦਦਾਰੀ, 4 ਦਿਨਾਂ ’ਚ 4.99 ਲੱਖ ਕਰੋੜ ਰੁਪਏ ਦਾ ਹੋਇਆ ਲੈਣ-ਦੇਣ
ਬੈਂਗਲੁਰੂ (ਆਵਾਜ਼ਿ ਕੌਮ ਬਿਊਰੋ)- ਦੀਵਾਲੀ ਦੌਰਾਨ ਦੇਸ਼ ’ਚ ਡਿਜੀਟਲ ਪੇਮੈਂਟ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਤਿਉਹਾਰੀ ਖਰੀਦਦਾਰੀ ਕਾਰਨ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਦੇ ਜ਼ਰੀਏ ਹੋਣ ਵਾਲੇ ਲੈਣ-ਦੇਣ ’ਚ ਸਾਲਾਨਾ ਆਧਾਰ ’ਤੇ 28 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨ. ਪੀ. ਸੀ. ਆਈ.) ਦੇ ਅੰਕੜਿਆਂ ਮੁਤਾਬਕ, 5 ਤੋਂ 8 ਨਵੰਬਰ ਦਰਮਿਆਨ ਭਾਵ 4 ਦਿਨਾਂ ’ਚ ਯੂ. ਪੀ. ਆਈ. ਰਾਹੀਂ ਲੱਗਭਗ 375 ਕਰੋੜ ਲੈਣ-ਦੇਣ ਹੋਏ। ਇਨ੍ਹਾਂ ਦੀ ਕੁੱਲ ਵੈਲਿਊ 4.99 ਲੱਖ ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 3.61 ਲੱਖ ਕਰੋੜ ਰੁਪਏ ਦੇ ਮੁਕਾਬਲੇ 38 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਦੀਵਾਲੀ ਦੇ ਦੌਰਾਨ 17 ਤੋਂ 20 ਅਕਤੂਬਰ ਦਰਮਿਆਨ ਯੂ. ਪੀ. ਆਈ. ਤੋਂ 292 ਕਰੋੜ ਲੈਣ-ਦੇਣ ਹੋਏ ਸਨ। ਇਸ ਸਾਲ ਲੈਣ-ਦੇਣ ਦੀ ਗਿਣਤੀ ਦੇ ਮੁਕਾਬਲੇ ਕੁੱਲ ਪੇਮੈਂਟ ਵੈਲਿਊ ’ਚ ਜ਼ਿਆਦਾ ਤੇਜ਼ੀ ਆਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਇਸ ਵਾਰ ਡਿਜੀਟਲ ਭੁਗਤਾਨ ਰਾਹੀਂ ਜ਼ਿਆਦਾ ਰਕਮ ਖਰਚ ਕੀਤੀ। 4 ਦਿਨਾਂ ’ਚ ਔਸਤ ਲੈਣ-ਦੇਣ ਆਕਾਰ ਲੱਗਭਗ 8 ਫੀਸਦੀ ਵਧ ਕੇ 1,331 ਰੁਪਏ ਹੋ ਗਿਆ, ਜਦੋਂ ਕਿ ਪਿਛਲੇ ਸਾਲ ਇਹ 1,234 ਰੁਪਏ ਸੀ। ਧਨਤੇਰਸ ਭਾਵ 6 ਨਵੰਬਰ ਨੂੰ ਯੂ. ਪੀ. ਆਈ. ਰਾਹੀਂ 1.37 ਲੱਖ ਕਰੋੜ ਰੁਪਏ ਦੇ ਲੈਣ-ਦੇਣ ਹੋਏ, ਜੋ ਇਕ ਦਿਨ ਦੀ ਲੈਣ-ਦੇਣ ਵੈਲਿਊ ਦੇ ਲਿਹਾਜ਼ ਨਾਲ ਦੂਜਾ ਸਭ ਤੋਂ ਵੱਡਾ ਅੰਕੜਾ ਰਿਹਾ। ਉੱਥੇ ਹੀ, 7 ਨਵੰਬਰ ਨੂੰ 97.58 ਕਰੋੜ ਲੈਣ-ਦੇਣ ਦੇ ਨਾਲ ਨਵਾਂ ਰਿਕਾਰਡ ਬਣਿਆ। ਪੇਮੈਂਟ ਕੰਪਨੀ ਪਾਈਨ ਲੈਬਜ਼ ਮੁਤਾਬਕ, ਧਨਤੇਰਸ ਦੌਰਾਨ ਉਸ ਦੇ ਆਫਲਾਈਨ ਅਤੇ ਆਨਲਾਈਨ ਮਰਚੈਂਟ ਪਲੇਟਫਾਰਮ ’ਚ ਲੈਣ-ਦੇਣ ’ਚ 23 ਫੀਸਦੀ ਦਾ ਵਾਧਾ ਹੋਇਆ। ਮਾਹਿਰਾਂ ਅਨੁਸਾਰ, ਸੋਨੇ ਦੀਆਂ ਉੱਚੀਆਂ ਕੀਮਤਾਂ ਅਤੇ ਤਿਉਹਾਰੀ ਖਰੀਦਦਾਰੀ ਨੇ ਵੀ ਪੇਮੈਂਟ ਵੈਲਿਊ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ। ਅਕਤੂਬਰ ’ਚ ਵੀ ਯੂ. ਪੀ. ਆਈ. ਤੋਂ ਰਿਕਾਰਡ 25.47 ਅਰਬ ਲੈਣ-ਦੇਣ ਹੋਏ ਸਨ, ਜੋ ਸਾਲਾਨਾ ਆਧਾਰ ’ਤੇ 23 ਫੀਸਦੀ ਵੱਧ ਸਨ।

