Attack on Saudi Arabia! Houthis targeted the city of Mecca; the air defense system…
ਸਾਊਦੀ ‘ਤੇ ਹੋ ਗਿਆ ਹਮਲਾ ! ਹੂਤੀਆਂ ਨੇ ਮੱਕਾ ਸ਼ਹਿਰ ਨੂੰ ਬਣਾਇਆ ਨਿਸ਼ਾਨਾ, ਏਅਰ ਡਿਫੈਂਸ ਸਿਸਟਮ ਨੇ…
Tehran, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਹੁਣ ਬਾਕੀ ਦੇਸ਼ਾਂ ‘ਚ ਵੀ ਫੈਲਦੀ ਜਾ ਰਹੀ ਹੈ। ਇਸੇ ਦੌਰਾਨ ਸਾਊਦੀ ਅਰਬ ਦੇ ਏਅਰ ਡਿਫੈਂਸ ਸਿਸਟਮ ਨੇ ਪਵਿੱਤਰ ਮੱਕਾ ਸ਼ਹਿਰ ਦੇ ਦੱਖਣੀ ਹਿੱਸੇ ‘ਚ ਹੂਤੀ ਅੱਤਵਾਦੀਆਂ ਵੱਲੋਂ ਭੇਜੇ ਗਏ ਇੱਕ ਡਰੋਨ ਨੂੰ ਹਵਾ ਵਿਚਾਲੇ ਹੀ ਤਬਾਹ ਕਰ ਦਿੱਤਾ। ਗਠਜੋੜ ਦੇ ਬੁਲਾਰੇ ਤੁਰਕੀ ਅਲ ਮਾਲਕੀ ਨੇ ਕਿਹਾ ਕਿ ਦੋਵੇਂ ਪਵਿੱਤਰ ਮਸਜਿਦਾਂ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਇੱਕ “ਰੈੱਡ ਲਾਈਨ” ਹੈ ਅਤੇ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲਾਂਕਿ ਹੂਤੀ ਨੇਤਾ ਹਾਜ਼ਿਮ ਅਲ-ਅਸਾਦ ਨੇ ‘X’ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਮੱਕਾ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਇਕ ਪੁਰਾਣਾ ਝੂਠ ਦੱਸਿਆ ਹੈ। ਹੂਤੀ ਫ਼ੌਜੀ ਬੁਲਾਰੇ ਯਾਹੀਆ ਸਾਰੀਆ ਅਨੁਸਾਰ, ਸਾਊਦੀ ਦੇ ਲੜਾਕੂ ਜਹਾਜ਼ਾਂ ਨੇ ਪਿਛਲੇ 24 ਘੰਟਿਆਂ ‘ਚ ਯਮਨ ਦੇ 5 ਸੂਬਿਆਂ- ਤਾਇਜ਼, ਅਲ-ਜੌਫ਼, ਅਲ-ਬੇਦਾ, ਸਾਦਾ ਅਤੇ ਅਮਰਾਨ ‘ਚ 52 ਹਵਾਈ ਹਮਲੇ ਕੀਤੇ ਹਨ, ਜਿਸ ਦੌਰਾਨ ਸਕੂਲਾਂ, ਪੁਲਾਂ ਅਤੇ ਸੜਕਾਂ ਵਰਗੇ ਆਮ ਨਾਗਰਿਕ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੂਤੀ ਚੈਨਲ ‘ਅਲ-ਮਸੀਰਾ’ ਅਨੁਸਾਰ ਤਾਇਜ਼ ਸੂਬੇ ‘ਚ ਹੋਏ ਹਮਲਿਆਂ ‘ਚ 2 ਬੱਚਿਆਂ ਸਮੇਤ 3 ਨਾਗਰਿਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਇਹ ਕਾਰਵਾਈ ਸੋਮਵਾਰ ਨੂੰ ਖਮੀਸ ਮੁਸ਼ੈਤ ਅਤੇ ਤਾਇਫ਼ ‘ਤੇ ਹੋਏ ਹੂਤੀ ਹਮਲਿਆਂ ਤੋਂ ਬਾਅਦ ਕੀਤੀ ਗਈ, ਜਿਸ ‘ਚ 13 ਨਾਗਰਿਕ ਜ਼ਖ਼ਮੀ ਹੋਏ ਸਨ। ਜ਼ਿਕਰਯੋਗ ਹੈ ਕਿ 3 ਸਤੰਬਰ ਤੋਂ ਹੂਤੀ ਬਾਗ਼ੀਆਂ ਨੇ ਲਾਲ ਸਾਗਰ ਦੇ ਤੱਟ ‘ਤੇ ਵੱਡਾ ਹਮਲਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਨੇ 10 ਸਤੰਬਰ ਨੂੰ ਰਣਨੀਤਕ ਬੰਦਰਗਾਹ ਸ਼ਹਿਰ ਮੋਚਾ ਅਤੇ 11 ਸਤੰਬਰ ਨੂੰ ਬਾਬ ਅਲ-ਮੰਦੇਬ ਸਟ੍ਰੇਟ ਵਿਚਕਾਰ ਸਥਿਤ ਮਯੂਨ ਟਾਪੂ ‘ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹਮਲੇ ਹੋਰ ਤੇਜ਼ ਹੋ ਗਏ ਹਨ।

