Free Trade Agreement passed in New Zealand’s Parliament
ਨਿਊਜ਼ੀਲੈਂਡ ਦੀ ਸੰਸਦ ‘ਚ ਪਾਸ ਹੋਇਆ Free Trade Agreement
Auckland, (ਆਵਾਜ਼ਿ ਕੌਮ ਬਿਊਰੋ)-ਨਿਊਜ਼ੀਲੈਂਡ ਦੀ ਸੰਸਦ ‘ਚ ਭਾਰਤ ਨਾਲ ਮੁਫ਼ਤ ਵਪਾਰ ਸਮਝੌਤੇ (FTA) ਨਾਲ ਜੁੜੇ ਬਿੱਲ ਨੂੰ 93-29 ਦੇ ਬਹੁਮਤ ਨਾਲ ਅੰਤਿਮ ਮਨਜ਼ੂਰੀ ਮਿਲ ਗਈ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫ਼ਰ ਲਕਸਨ ਨੇ ਇਸ ਨੂੰ ਇੱਕ “ਮੀਲ ਦਾ ਪੱਥਰ” ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ 1.4 ਅਰਬ ਭਾਰਤੀ ਖਪਤਕਾਰਾਂ ਤੱਕ ਉਨ੍ਹਾਂ ਦੇ ਦੇਸ਼ ‘ਚ ਬਣੇ ਉਤਪਾਦਾਂ ਦੀ ਪਹੁੰਚ ਬਣੇਗੀ, ਜਿਸ ਨਾਲ ਦੇਸ਼ ‘ਚ ਰੁਜ਼ਗਾਰ ਅਤੇ ਆਮਦਨ ‘ਚ ਵੀ ਵਾਧਾ ਹੋਵੇਗਾ। ਐਕਸ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ PM ਲਕਸਨ ਨੇ ਲਿਖਿਆ, “ਲੋਕਾਂ ਨੇ ਮੈਨੂੰ ਕਿਹਾ ਸੀ ਕਿ ਭਾਰਤ ਨਾਲ ਮੁਫ਼ਤ ਵਪਾਰ ਸਮਝੌਤਾ ਨਹੀਂ ਹੋ ਸਕਦਾ, ਪਰ ਅੱਜ ਸੰਸਦ ‘ਚ ਇਸ ਸਮਝੌਤੇ ਨੂੰ ਪਾਸ ਕਰ ਦਿੱਤਾ ਗਿਆ ਹੈ। ਅਸੀਂ ਆਪਣੀ ਨੈਸ਼ਨਲ ਪਾਰਟੀ ਦਾ ਪਹਿਲੇ ਕਾਰਜਕਾਲ ‘ਚ ਭਾਰਤ ਨਾਲ ਓਪਨ ਟ੍ਰੇਡ ਡੀਲ ਕਰਨ ਦਾ ਵਾਅਦਾ ਪੂਰਾ ਕਰ ਦਿੱਤਾ ਹੈ।” ਨਿਊਜ਼ੀਲੈਂਡ ਦੇ ਟ੍ਰੇਡ ਅਤੇ ਨਿਵੇਸ਼ ਮੰਤਰੀ ਟੌਡ ਮੈਕਲੇ ਅਨੁਸਾਰ, ਸਮਝੌਤੇ ਦੇ ਲਾਗੂ ਹੁੰਦਿਆਂ ਹੀ ਭਾਰਤ ਨੂੰ ਹੋਣ ਵਾਲੀਆਂ 57 ਫ਼ੀਸਦੀ ਬਰਾਮਦਾਂ ਪੂਰੀ ਤਰ੍ਹਾਂ ਡਿਊਟੀ-ਫ੍ਰੀ ਹੋ ਜਾਣਗੀਆਂ, ਜਦਕਿ ਸਮਝੌਤੇ ਦੇ ਪੂਰੀ ਤਰ੍ਹਾਂ ਲਾਗੂ ਹੋਣ ‘ਤੇ 95 ਫ਼ੀਸਦੀ ਨਿਰਯਾਤ ‘ਤੇ ਟੈਰਿਫ਼ ਜਾਂ ਤਾਂ ਖ਼ਤਮ ਹੋ ਜਾਵੇਗਾ ਜਾਂ ਕਾਫ਼ੀ ਘਟਾ ਦਿੱਤਾ ਜਾਵੇਗਾ। ਇਸ ਸਮਝੌਤੇ ਤਹਿਤ ਨਿਊਜ਼ੀਲੈਂਡ ਦੇ ਇਕੱਲੇ ਕੀਵੀ ਫਰੂਟ ਉਦਯੋਗ ਨੂੰ ਹੀ ਅਗਲੇ 5 ਸਾਲਾਂ ‘ਚ ਟੈਰਿਫ਼ ‘ਚ ਲਗਭਗ 125 ਮਿਲੀਅਨ ਨਿਊਜ਼ੀਲੈਂਡ ਡਾਲਰ ਦੀ ਬਚਤ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਈ ਹੋਰ ਸੈਕਟਰਾਂ ‘ਚੋਂ ਵੀ ਦੇਸ਼ ਦੀ ਕਮਾਈ ‘ਚ ਵਾਧਾ ਹੋਵੇਗਾ। ਇਹ ਸਮਝੌਤਾ ਇਸੇ ਸਾਲ ਦੇ ਅੰਤ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ। ਇਸ ਦਾ ਮੁੱਖ ਮਕਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕ੍ਰਿਸਟੋਫ਼ਰ ਲਕਸਨ ਵੱਲੋਂ 2030 ਤੱਕ ਦੋਵਾਂ ਦੇਸ਼ਾਂ ਦੇ ਆਪਸੀ ਵਪਾਰ ਨੂੰ ਦੁੱਗਣਾ ਕਰਨ ਦੇ ਰੱਖੇ ਗਏ ਟੀਚੇ ਨੂੰ ਪੂਰਾ ਕਰਨਾ ਹੈ।

