Collapse of ‘Satya Niketan’ building is no ordinary accident: Delhi High Court
‘ਸਤਿਆ ਨਿਕੇਤਨ’ ਇਮਾਰਤ ਢਹਿਣ ਦੀ ਘਟਨਾ ਕੋਈ ਆਮ ਹਾਦਸਾ ਨਹੀਂ : ਦਿੱਲੀ ਹਾਈ ਕੋਰਟ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਸਤਿਆ ਨਿਕੇਤਨ ਵਿਚ ਬਹੁਮੰਜ਼ਿਲਾ ਹੋਸਟਲ ਦੀ ਇਮਾਰਤ ਢਹਿਣ ਦੀ ਘਟਨਾ ਕੋਈ ਆਮ ਹਾਦਸਾ ਨਹੀਂ ਸੀ। ਇਸ ਘਟਨਾ ਵਿਚ 4 ਵਿਦਿਆਰਥੀਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਸਨ। ਇਸ ਮਾਮਲੇ ਦੇ ਸਬੰਧ ਵਿਚ ਚੀਫ ਜਸਟਿਸ ਡੀ. ਕੇ. ਉਪਾਧਿਆਏ ਅਤੇ ਜਸਟਿਸ ਤੇਜਸ ਕਾਰੀਆ ਦੀ ਬੈਂਚ ਨੇ ਕਿਹਾ ਕਿ ਜਾਨ ਗੁਆਉਣ ਵਾਲੇ ਚਾਰੇ ਵਿਦਿਆਰਥੀ ਆਪਣਾ ਕਰੀਅਰ ਬਣਾਉਣ ਦੀ ਉਮੀਦ ਨਾਲ ਛੋਟੇ ਸ਼ਹਿਰਾਂ ਤੋਂ ਦੇਸ਼ ਦੀ ਰਾਜਧਾਨੀ ਆਏ ਸਨ ਪਰ ਕੁਝ ਲੋਕਾਂ ਦੇ ਲਾਪਰਵਾਹ ਅਤੇ ਅਪਰਾਧਿਕ ਵਰਤਾਰੇ ਕਾਰਨ ਇਹ ਸੰਭਵ ਨਹੀਂ ਸਕਿਆ। ਦੱਸ ਦੇਈਏ ਕਿ ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਦੇ ਨੇੜੇ ਲੜਕਿਆਂ ਲਈ ਪੇਇੰਗ ਗੈਸਟ (ਪੀ. ਜੀ.) ਰਿਹਾਇਸ਼ ਵਜੋਂ ਵਰਤੀ ਜਾਣ ਵਾਲੀ ਸਤਿਆ ਨਿਕੇਤਨ ਦੀ ਇਮਾਰਤ 6 ਸਤੰਬਰ ਨੂੰ ਮੁਰੰਮਤ ਦਾ ਕੰਮ ਚੱਲਣ ਦੌਰਾਨ ਢਹਿ ਗਈ ਸੀ। ਇਸ ਹਾਦਸੇ ਦੇ ਵਾਪਰ ਜਾਣ ਕਾਰਨ ਕਈ ਹੋਰ ਲੋਕ ਜ਼ਖਮੀ ਵੀ ਹੋਏ ਸਨ। ਅਦਾਲਤ ਆਕਰਸ਼ਣ ਦਾਨਵੀਰ ਰਾਠੀ ਵੱਲੋਂ ਦਾਇਰ ਇਕ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਮਾਮਲੇ ਦੀ ਸੁਤੰਤਰ ਜਾਂਚ, ਸਾਰੀਆਂ ਪੀ. ਜੀ. ਰਿਹਇਸ਼ਾਂ ਦੀ ਜਾਂਚ, ਨਾਲ ਹੀ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਅਤੇ ਮੁੜ ਵਸੇਬਾ ਯੋਜਨਾ ਦੀ ਅਪੀਲ ਕੀਤੀ ਗਈ ਹੈ।

