Death sentence for 10 convicts in Jhiram Ghati Naxal attack; NIA special court pronounces verdict
ਝੀਰਮ ਘਾਟੀ ਨਕਸਲੀ ਹਮਲੇ ਦੇ 10 ਦੋਸ਼ੀਆਂ ਨੂੰ ਮੌਤ ਦੀ ਸਜ਼ਾ; NIA ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫੈਸਲਾ
ਜਗਦਲਪੁਰ (ਆਵਾਜ਼ਿ ਕੌਮ ਬਿਊਰੋ)-ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਵਿਸ਼ੇਸ਼ ਅਦਾਲਤ ਨੇ 2013 ਦੇ ਝੀਰਮ ਘਾਟੀ ਨਕਸਲੀ ਹਮਲੇ ਦੇ ਮਾਮਲੇ ਵਿਚ ਸਾਰੇ 10 ਦੋਸ਼ੀਆਂ ਨੂੰ ਬੁੱਧਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਕ ਵਕੀਲ ਨੇ ਦੱਸਿਆ ਕਿ ਜਗਦਲਪੁਰ ਵਿਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ 5 ਸਤੰਬਰ ਨੂੰ 2 ਔਰਤਾਂ ਸਮੇਤ ਸਾਰੇ 10 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸਜ਼ਾ ’ਤੇ ਆਪਣਾ ਫੈਸਲਾ 16 ਸਤੰਬਰ ਲਈ ਸੁਰੱਖਿਅਤ ਰੱਖ ਲਿਆ ਸੀ। ਦੱਸ ਦੇਈਏ ਕਿ ਨਕਸਲੀਆਂ ਨੇ ਬਸਤਰ ਜ਼ਿਲ੍ਹੇ ਵਿਚ ਦਰਭਾ ਥਾਣਾ ਖੇਤਰ ਦੀ ਝੀਰਮ ਘਾਟੀ ਵਿਚ 25 ਮਈ 2013 ਨੂੰ ਇਕ ਰਾਸ਼ਟਰੀ ਰਾਜਮਾਰਗ ’ਤੇ ਕਾਂਗਰਸ ਦੀ ‘ਪਰਿਵਰਤਨ ਯਾਤਰਾ’ ’ਤੇ ਘਾਤ ਲਗਾ ਕੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਕਾਂਗਰਸ ਨੇਤਾਵਾਂ, ਆਮ ਨਾਗਰਿਕਾਂ ਅਤੇ 10 ਸੁਰੱਖਿਆ ਕਰਮਚਾਰੀਆਂ ਸਮੇਤ ਘੱਟੋ-ਘੱਟ 29 ਲੋਕ ਮਾਰੇ ਗਏ ਸਨ ਅਤੇ 30 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਮਾਰੇ ਗਏ ਲੋਕਾਂ ਵਿਚ ਤਤਕਾਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨੰਦ ਕੁਮਾਰ ਪਟੇਲ ਅਤੇ ਉਨ੍ਹਾਂ ਦੇ ਬੇਟੇ ਦਿਨੇਸ਼, ਵਿਰੋਧੀ ਧਿਰ ਦੇ ਸਾਬਕਾ ਨੇਤਾ ਮਹੇਂਦਰ ਕਰਮਾ, ਸਾਬਕਾ ਕੇਂਦਰੀ ਮੰਤਰੀ ਵਿਦਿਆ ਚਰਨ ਸ਼ੁਕਲਾ ਅਤੇ ਸੀਨੀਅਰ ਨੇਤਾ ਤੇ ਸਾਬਕਾ ਵਿਧਾਇਕ ਉਦੈ ਮੁਦਲੀਆਰ ਸ਼ਾਮਲ ਸਨ। ਇਸ ਤੋਂ ਇਲਾਵਾ ਇਹ ਰੈਲੀ ਉਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਯੋਜਿਤ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਛੱਤੀਸਗੜ੍ਹ ਪੁਲਸ ਨੇ ਮਾਮਲਾ ਦਰਜ ਕੀਤਾ ਸੀ ਪਰ ਰਮਨ ਸਿੰਘ ਦੀ ਅਗਵਾਈ ਵਾਲੀ ਤਤਕਾਲੀ ਭਾਜਪਾ ਸਰਕਾਰ ਨੇ ਹਮਲੇ ਦੇ ਦੋ ਦਿਨਾਂ ਦੇ ਅੰਦਰ ਹੀ ਜਾਂਚ ਐੱਨ. ਆਈ. ਏ. ਨੂੰ ਸੌਂਪ ਦਿੱਤੀ ਸੀ। ਦੂਜੇ ਪਾਸੇ ਸੂਬਾ ਸਰਕਾਰ ਨੇ ਇਸ ਘਟਨਾ ਦੀ ਜਾਂਚ ਲਈ ਛੱਤੀਸਗੜ੍ਹ ਹਾਈ ਕੋਰਟ ਦੇ ਤਤਕਾਲੀ ਜੱਜ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਅਗਵਾਈ ਹੇਠ ਇਕ ਨਿਆਂਇਕ ਕਮਿਸ਼ਨ ਵੀ ਬਣਾਇਆ ਸੀ। ਨਕਸਲੀਆਂ ਨੇ ਕਾਫਲੇ ਦੀਆਂ ਗੱਡੀਆਂ ਅਤੇ ਮਾਰੇ ਗਏ ਸੁਰੱਖਿਆ ਮੁਲਾਜ਼ਮਾਂ ਦੇ ਹਥਿਆਰਾਂ ਨੂੰ ਵੀ ਲੁੱਟ ਲਿਆ ਸੀ। 25 ਸਤੰਬਰ 2014 ਨੂੰ ਐੱਨ. ਆਈ. ਏ. ਦੀ ਚਾਰਜਸ਼ੀਟ ਮੁਤਾਬਕ ਹਮਲੇ ਤੋਂ ਬਾਅਦ ਇਕ 9 ਐੱਮ. ਐੱਮ. ਪਿਸਤੌਲ ਦੇ ਨਾਲ 2 ਮੈਗਜ਼ੀਨਾਂ ਅਤੇ 20 ਕਾਰਤੂਸ, ਦੋ ਏ. ਕੇ.-47 ਰਾਈਫਲਾਂ, 14 ਮੈਗਜ਼ੀਨਾਂ ਅਤੇ 455 ਕਾਰਤੂਸ ਅਤੇ 10 ਹੈਂਡ ਗ੍ਰੇਨੇਡ ਤੇ ਵਾਕੀ ਟਾਕੀ ਅਤੇ ਹੋਰ ਉਪਕਰਣ ਲੁੱਟੇ ਸਨ। ਇਸ ਦੇ ਨਾਲ ਹੀ ਘਟਨਾ ਸਥਾਨ ਤੋਂ ਮਿਲੀ ਧਮਾਕਾਖੇਜ਼ ਸਮੱਗਰੀ ਦੀ ਫਾਰੈਂਸਿਕ ਜਾਂਚ ਵਿਚ ਅਮੋਨੀਅਮ ਨਾਈਟ੍ਰੇਟ ਅਤੇ ਅਮਾਟੋਲ ਵਰਗੇ ਪਦਾਰਥਾਂ ਦੀ ਵਰਤੋਂ ਸਾਹਮਣੇ ਆਈ ਸੀ।

