“Beaten with batons, dragged by the hair…!” Nobel laureate Narges Mohammadi reveals ‘prison secrets’
”ਡੰਡਿਆਂ ਨਾਲ ਕੁੱਟਮਾਰ, ਵਾਲਾਂ ਤੋਂ ਫੜ ਕੇ..!”, ਨੋਬਲ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੇ ਖੋਲ੍ਹੇ ‘ਜੇਲ੍ਹ ਦੇ ਰਾਜ਼’
Tehran, (ਆਵਾਜ਼ਿ ਕੌਮ ਬਿਊਰੋ)-ਇਰਾਨ ਦੀ ਪ੍ਰਮੁੱਖ ਮਨੁੱਖੀ ਅਧਿਕਾਰ ਵਰਕਰ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ (54) ਨੇ ਤਹਿਰਾਨ ਦੀ ਬਦਨਾਮ ‘ਐਵਿਨ ਜੇਲ੍ਹ’ ‘ਚ ਆਪਣੇ ‘ਤੇ ਹੋਏ ਅੱਤਿਆਚਾਰਾਂ ਅਤੇ ਆਪਣੇ ਸੰਘਰਸ਼ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ। ਮਈ ਮਹੀਨੇ ‘ਚ ਮੈਡੀਕਲ ਛੁੱਟੀ ‘ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ, ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਜੇਲ੍ਹ ਦੇ ਦਿਨਾਂ ਤੋਂ ਲੈ ਕੇ ਆਪਣੀ ਨਵੀਂ ਕਿਤਾਬ ਪਬਲਿਸ਼ ਹੋਣ ਤੱਕ ਦੀਆਂ ਘਟਨਾਵਾਂ ‘ਤੇ ਖੁੱਲ੍ਹ ਕੇ ਚਰਚਾ ਕੀਤੀ। ਇਰਾਨੀ ਹਕੂਮਤ ਖ਼ਿਲਾਫ਼ ਲੜਾਈ ਲਈ ਨਰਗਿਸ ਮੁਹੰਮਦੀ ਨੂੰ ਹੁਣ ਤੱਕ ਕੁੱਲ 44 ਸਾਲ ਤੋਂ ਵੱਧ ਦੀ ਜੇਲ੍ਹ ਅਤੇ 154 ਕੋੜਿਆਂ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਪਿਛਲੇ ਦਸੰਬਰ ਮਹੀਨੇ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ‘ਤੇ ਭਾਰੀ ਤਸ਼ੱਦਦ ਕੀਤਾ ਗਿਆ; ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ, ਵਾਲਾਂ ਤੋਂ ਫੜ ਕੇ ਧੂਹਿਆ ਗਿਆ ਅਤੇ ਦੋ ਮਹੀਨਿਆਂ ਤੱਕ ਪਰਿਵਾਰ ਤੇ ਵਕੀਲਾਂ ਤੋਂ ਦੂਰ ਇਕਾਂਤਵਾਸ ‘ਚ ਰੱਖਿਆ ਗਿਆ। ਮਾਰਚ ਮਹੀਨੇ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਵਜ਼ਨ 20 ਕਿੱਲੋ ਤੱਕ ਘੱਟ ਗਿਆ। ਲਗਾਤਾਰ ਡਾਕਟਰੀ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੋ ਗਈ ਸੀ। ਉਨ੍ਹਾਂ ਦੇ ਫਾਊਂਡੇਸ਼ਨ ਦੇ ਦਬਾਅ ਤੋਂ ਬਾਅਦ ਉਨ੍ਹਾਂ ਨੂੰ 18 ਦਿਨਾਂ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਸ ਤੋਂ ਬਾਅਦ ਮਈ ਮਹੀਨੇ ‘ਚ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਮੈਡੀਕਲ ਲੀਵ ‘ਤੇ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ। ਜੇਲ੍ਹ ‘ਚ ਕੈਦ ਦੌਰਾਨ, ਨਰਗਿਸ ਆਪਣੀਆਂ ਲਿਖਤਾਂ ਨੂੰ ਚੋਰੀ-ਛੁਪੇ ਆਪਣੇ ਦੋਸਤਾਂ ਅਤੇ ਹੋਰ ਕੈਦੀਆਂ ਦੀ ਮਦਦ ਨਾਲ ਬਾਹਰ ਭੇਜਦੀ ਰਹੀ। ਜੇਲ੍ਹ ਪ੍ਰਸ਼ਾਸਨ ਦੁਆਰਾ ਕਈ ਕਾਗਜ਼ ਜ਼ਬਤ ਕੀਤੇ ਜਾਣ ਅਤੇ 20 ਤੋਂ ਵੱਧ ਡਾਇਰੀਆਂ ਗੁੰਮ ਹੋਣ ਦੇ ਬਾਵਜੂਦ, ਉਨ੍ਹਾਂ ਨੇ ਲਿਖਣਾ ਨਹੀਂ ਛੱਡਿਆ। ਉਨ੍ਹਾਂ ਟੁਕੜਿਆਂ ਨੂੰ ਇਕੱਠਾ ਕਰਕੇ ਹੁਣ ਉਨ੍ਹਾਂ ਦੀ ਯਾਦਾਂ ‘ਤੇ ਆਧਾਰਿਤ ਕਿਤਾਬ A Woman Never Stops Fighting ਇਸੇ ਮਹੀਨੇ ਯੂਰਪੀ ਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। ਨਰਗਿਸ ਅਨੁਸਾਰ, ਜੇਲ੍ਹਾਂ ‘ਚ ਇਕਾਂਤਵਾਸ ‘ਚ ਰੱਖਣਾ ਅਤੇ ਸਮੇਂ ਸਿਰ ਡਾਕਟਰੀ ਇਲਾਜ ਨਾ ਦੇਣਾ ਸਰਕਾਰ ਵੱਲੋਂ ਕੀਤੀ ਜਾਣ ਵਾਲੀ “ਖਾਮੋਸ਼ ਫਾਂਸੀ” ਦਾ ਇੱਕ ਰੂਪ ਹੈ। 2022 ਵਿੱਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ ‘ਮਹਿਲਾ, ਜੀਵਨ, ਆਜ਼ਾਦੀ’ ਅੰਦੋਲਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਰਾਨੀ ਔਰਤਾਂ ਨੇ ਸੜਕਾਂ ‘ਤੇ ਨਿਕਲ ਕੇ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਹੈ। ਆਪਣੀ ਬਹਾਦਰੀ ਦੇ ਨਾਲ-ਨਾਲ ਉਨ੍ਹਾਂ ਨੇ ਇੱਕ ਮਾਂ ਦਾ ਦਰਦ ਵੀ ਬਿਆਨ ਕੀਤਾ। ਫਰਾਂਸ ‘ਚ ਰਹਿ ਰਹੇ ਆਪਣੇ 19 ਸਾਲਾ ਜੁੜਵੇਂ ਬੱਚਿਆਂ ਅਲੀ ਅਤੇ ਕੀਆਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਵਾਰ ਜਦੋਂ ਉਹ ਆਪਣੇ ਬੱਚਿਆਂ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਕੀ ਉਨ੍ਹਾਂ ਕੋਲ ਬੱਚਿਆਂ ਨੂੰ ਮਾਂ ਦੇ ਪਿਆਰ ਅਤੇ ਇੱਕ ਸਾਧਾਰਨ ਜ਼ਿੰਦਗੀ ਤੋਂ ਵਾਂਝੇ ਰੱਖਣ ਦਾ ਹੱਕ ਸੀ ? ਉਹ ਜਲਦ ਤੋਂ ਜਲਦ ਆਪਣੇ ਬੱਚਿਆਂ ਕੋਲ ਜਾਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਗਲਵਕੜੀ ਪਾਉਣਾ ਚਾਹੁੰਦੇ ਹਨ।

