‘Jail Bharo Andolan’ (Fill the Jails Movement) to be launched before Punjab elections for the release of imprisoned Sikhs: Jagdish Jhinda
ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਚੋਣਾਂ ਤੋਂ ਪਹਿਲਾਂ ਕੀਤਾ ਜਾਵੇਗਾ ‘ਜੇਲ੍ਹ ਭਰੋ ਅੰਦੋਲਨ’: ਜਗਦੀਸ਼ ਝੀਂਡਾ
Chandigarh, (ਆਵਾਜ਼ਿ ਕੌਮ ਬਿਊਰੋ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਜਗਦੀਸ਼ ਝੀਂਡਾ ਨੇ ਇਸ ਸਬੰਧ ਵਿਚ ਕਿਹਾ ਕਿ ਕੌਮੀ ਇਨਸਾਫ਼ ਮੋਰਚਾ ਅਤੇ ਸਿੱਖ ਕੌਮ ਦੇ ਆਗੂਆਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਜੇਲ੍ਹ ਭਰੋ ਅੰਦੋਲਨ’ ਸ਼ੁਰੂ ਕਰਕੇ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ। ਸਿੰਘਾਂ ਦੀ ਰਿਹਾਈ ਲਈ ਕਮੇਟੀ ਨੇ 30 ਸਤੰਬਰ ਤੱਕ ਰੋਜ਼ਾਨਾ ਧਰਨਾ ਜਾਰੀ ਰੱਖਣ, PM ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂ ‘ਤੇ ਕੁਰੂਕਸ਼ੇਤਰ ਦੇ ਡੀਸੀ ਨੂੰ ਮੰਗ ਪੱਤਰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਸੰਘਰਸ਼ ਨੂੰ ਲੈ ਕੇ ਜਗਦੀਸ਼ ਸਿੰਘ ਝੀਂਡਾ ਨੇ ਕਿਹਾ, “ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਕੌਮ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਜਾਇਜ਼ ਮੰਗ ਹੈ, ਪਰ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ‘ਬੰਦੀ ਸਿੰਘ’ 30 ਸਾਲਾਂ ਤੋਂ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।” ਉਨ੍ਹਾਂ ਕਿਹਾ, “ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਸਿੱਖ ਕੈਦੀਆਂ ਨੂੰ ਲਗਾਤਾਰ ਹਿਰਾਸਤ ਵਿੱਚ ਰੱਖਣਾ ਮੰਦਭਾਗਾ ਹੈ।” ਦੱਸ ਦੇਈਏ ਕਿ ਕੌਮੀ ਇਨਸਾਫ਼ ਮੋਰਚੇ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਅਤੇ ਸਮਰਥਕ 11 ਸਤੰਬਰ ਤੋਂ ਕੁਰੂਕਸ਼ੇਤਰ ਦੇ ਮੀਰੀ ਪੀਰੀ ਚੌਂਕ ਵਿਖੇ ਰੋਜ਼ਾਨਾ ਇੱਕ ਘੰਟੇ ਦਾ ਪ੍ਰਤੀਕਾਤਮਕ ਧਰਨਾ ਦੇ ਰਹੇ ਹਨ।

