North Korea fires missile! Panic grips South Korea and Japan
ਉੱਤਰੀ ਕੋਰੀਆ ਨੇ ਦਾਗ਼’ਤੀ ਮਿਜ਼ਾਈਲ ! ਦੱਖਣੀ ਕੋਰੀਆ ਤੇ ਜਾਪਾਨ ‘ਚ ਮਚੀ ਤੜਥੱਲੀ
Korea, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ‘ਚ ਭਖਦੇ ਜਾ ਰਹੇ ਮਾਹੌਲ ਵਿਚਾਲੇ ਪੂਰਬੀ ਏਸ਼ੀਆ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਉੱਤਰੀ ਕੋਰੀਆ ਨੇ ਐਤਵਾਰ ਨੂੰ ਪੂਰਬੀ ਸਾਗਰ ਵੱਲ ਇੱਕ ਅਣਪਛਾਤੀ ਮਿਜ਼ਾਈਲ ਦਾਗੀ ਹੈ। ਦੱਖਣੀ ਕੋਰੀਆ ਦੇ ‘ਜੁਆਇੰਟ ਚੀਫ਼ਸ ਆਫ਼ ਸਟਾਫ਼’ ਨੇ ਮੀਡੀਆ ਨੂੰ ਇਸ ਲਾਂਚ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਹ ਮਿਜ਼ਾਈਲ ਕਿਸ ਤਰ੍ਹਾਂ ਦੀ ਸੀ ਤੇ ਇਸ ਦਾ ਮਕਸਦ ਕੀ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 12 ਸਤੰਬਰ ਨੂੰ ਵੀ ਉੱਤਰੀ ਕੋਰੀਆ ਨੇ ਵੋਨਸਾਨ ਇਲਾਕੇ ਤੋਂ ਪੂਰਬੀ ਸਾਗਰ ਵੱਲ ਕਈ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ, ਜੋ ਲਗਭਗ 250 ਕਿਲੋਮੀਟਰ ਤੈਅ ਕਰਨ ਤੋਂ ਬਾਅਦ ਸਮੁੰਦਰ ‘ਚ ਜਾ ਡਿੱਗੀਆਂ ਸਨ। ਇਹ ਮਿਜ਼ਾਈਲ ਲਾਂਚ ਦੱਖਣੀ ਕੋਰੀਆ, ਅਮਰੀਕਾ ਅਤੇ ਜਾਪਾਨ ਵੱਲੋਂ ਜੇਜੂ ਟਾਪੂ ਨੇੜੇ ਕੀਤੇ ਗਏ ਪੰਜ-ਦਿਨਾ ਤਿੰਨ-ਪੱਖੀ ਫ਼ੌਜੀ ਅਭਿਆਸ ‘ਫ਼੍ਰੀਡਮ ਐੱਜ’ ਦੇ ਖ਼ਤਮ ਹੋਣ ਤੋਂ ਬਾਅਦ ਆਏ ਹਨ। ਉੱਤਰੀ ਕੋਰੀਆ ਇਸ ਅਭਿਆਸ ਦਾ ਵਿਰੋਧ ਕਰ ਰਿਹਾ ਹੈ। ਇਸ ਟੈਸਟਿੰਗ ਤੋਂ ਬਾਅਦ ਜਾਪਾਨ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰ ਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਐਡਵਾਈਜ਼ਰੀ ‘ਚ ਪ੍ਰਸ਼ਾਸਨ ਨੇ ਕਿਹਾ ਕਿ ਉਹ ਇਸ ਮਿਜ਼ਾਈਲ ਬਾਰੇ ਜ਼ਰੂਰੀ ਜਾਣਕਾਰੀ ਇਕੱਠੀ ਕਰਨ ‘ਚ ਜੁਟੇ ਹੋਏ ਹਨ ਤੇ ਆਪਣੇ ਸਭ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਦੀ ਜਾਂਚ ਕਰ ਰਹੇ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਹਰ ਤਰ੍ਹਾਂ ਦੇ ਹਮਲੇ ਨਾਲ ਨਜਿੱਠਣ ਲਈ ਵੀ ਤਿਆਰ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਆਪਣੇ ਸਾਲਾਨਾ ਸੰਯੁਕਤ ਫ਼ੌਜੀ ਅਭਿਆਸ ‘ਉਲਚੀ ਫ਼੍ਰੀਡਮ ਸ਼ੀਲਡ’ ਦੇ ਪੈਮਾਨੇ ਨੂੰ ਘਟਾ ਦਿੱਤਾ ਸੀ। ਟਰੰਪ ਨੇ ਅਭਿਆਸ ਨੂੰ ਖਰਚੀਲਾ ਅਤੇ ਉੱਤਰੀ ਕੋਰੀਆ ਲਈ ਉਕਸਾਊ ਦੱਸਿਆ ਸੀ, ਪਰ ਇਸ ਦੇ ਬਾਵਜੂਦ ਉੱਤਰੀ ਕੋਰੀਆ ਵੱਲੋਂ ਮਿਜ਼ਾਈਲ ਪ੍ਰੀਖਣ ਜਾਰੀ ਹਨ। ਇਸ ‘ਤੇ ਦੱਖਣੀ ਕੋਰੀਆਈ ਫ਼ੌਜ ਨੇ ਕਿਹਾ ਹੈ ਕਿ ਉਹ ਅਮਰੀਕਾ ਅਤੇ ਜਾਪਾਨ ਨਾਲ ਜਾਣਕਾਰੀ ਸਾਂਝੀ ਕਰਦਿਆਂ ਉੱਤਰੀ ਕੋਰੀਆ ਦੀਆਂ ਹਰਕਤਾਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਵੀ ਸੰਭਾਵੀ ਹਮਲੇ ਦਾ ਮੂੰਹਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

