After France and Belgium, Italy also prepares to ban the burqa and niqab; PM Meloni makes a major announcement
ਫਰਾਂਸ ਤੇ ਬੈਲਜੀਅਮ ਪਿੱਛੋਂ ਇਟਲੀ ‘ਚ ਵੀ ਬੁਰਕੇ ਤੇ ਨਕਾਬ ‘ਤੇ BAN ਦੀ ਤਿਆਰੀ, PM ਮੇਲੋਨੀ ਨੇ ਕੀਤਾ ਵੱਡਾ ਐਲਾਨ
Paris, (ਆਵਾਜ਼ਿ ਕੌਮ ਬਿਊਰੋ)-ਫਰਾਂਸ ਅਤੇ ਬੈਲਜੀਅਮ ਤੋਂ ਬਾਅਦ ਹੁਣ ਇਟਲੀ ਵੀ ਬੁਰਕੇ ਅਤੇ ਨਕਾਬ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਖੁਦ ਇਹ ਐਲਾਨ ਕੀਤਾ ਹੈ। ਐਤਵਾਰ ਨੂੰ ਪਾਰਟੀ ਦੇ ਇੱਕ ਸਮਾਗਮ ਦੌਰਾਨ ਬੋਲਦਿਆਂ ਮੇਲੋਨੀ ਨੇ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਚਿਹਰਾ ਢੱਕਣ ਵਾਲੇ ਪਹਿਰਾਵਿਆਂ ‘ਤੇ ਪਾਬੰਦੀ ਲਗਾਉਣ ਅਤੇ ਹਰੇਕ ਜਮਾਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਤਿਆਰੀ ਕਰ ਰਹੀ ਹੈ। ਯੂਰਪ ਦੇ ਕਈ ਦੇਸ਼ਾਂ, ਜਿਵੇਂ ਕਿ ਫਰਾਂਸ ਅਤੇ ਬੈਲਜੀਅਮ ਵਿੱਚ ਬੁਰਕੇ ਅਤੇ ਨਕਾਬ ‘ਤੇ ਪਾਬੰਦੀਆਂ ਪਹਿਲਾਂ ਹੀ ਲਾਗੂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹਾਲ ਹੀ ਵਿੱਚ ਆਸਟਰੀਆ ਦੇ ਸਕੂਲਾਂ ਵਿੱਚ ਵੀ ਅਜਿਹਾ ਕੀਤਾ ਗਿਆ ਹੈ। ਭੂ-ਮੱਧ ਸਾਗਰ (ਮੈਡੀਟੇਰੀਅਨ) ਵਿੱਚ ਸਥਿਤ ਇਟਲੀ, ਯੂਰਪ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਲਈ ਮੁੱਖ ਟਿਕਾਣਿਆਂ ਵਿੱਚੋਂ ਇੱਕ ਹੈ। ਨਤੀਜੇ ਵਜੋਂ ਪ੍ਰਵਾਸ ਦਾ ਮੁੱਦਾ ਲਗਾਤਾਰ ਆਉਣ ਵਾਲੀਆਂ ਸਰਕਾਰਾਂ ਲਈ ਇੱਕ ਅਹਿਮ ਵਿਸ਼ਾ ਅਤੇ ਵੱਡੀ ਚੁਣੌਤੀ ਬਣ ਗਿਆ ਹੈ। ਪ੍ਰਵਾਸੀਆਂ ਖਾਸ ਕਰਕੇ ਮੁਸਲਿਮ-ਬਹੁਗਿਣਤੀ ਵਾਲੇ ਦੇਸ਼ਾਂ ਤੋਂ ਆਉਣ ਵਾਲਿਆਂ ਨੂੰ ਸਮਾਜ ਵਿੱਚ ਸ਼ਾਮਲ ਕਰਨਾ ਇਤਾਲਵੀ ਰਾਜਨੀਤੀ ਅਤੇ ਜਨਤਕ ਜੀਵਨ ਵਿੱਚ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਧਾਰਮਿਕ ਚਿੰਨ੍ਹਾਂ, ਸੱਭਿਆਚਾਰਕ ਏਕੀਕਰਨ, ਨਾਗਰਿਕਤਾ ਦੇ ਨਿਯਮਾਂ ਅਤੇ ਇਮੀਗ੍ਰੇਸ਼ਨ ਨੀਤੀ ਬਾਰੇ ਚਰਚਾਵਾਂ ਅਕਸਰ ਜਨਤਕ ਰਾਏ ਨੂੰ ਵੰਡ ਦਿੰਦੀਆਂ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਸਕੂਲਾਂ ਵਿੱਚ ਬੁਰਕੇ ਅਤੇ ਨਕਾਬ ‘ਤੇ ਪਾਬੰਦੀ ਲਗਾਉਣ ਅਤੇ ਇਤਾਲਵੀ ਭਾਸ਼ਾ ਨਾ ਬੋਲਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਸੀਮਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਕਦਮ ਹੋਰ ਯੂਰਪੀ ਸੰਘ (EU) ਦੇਸ਼ਾਂ ਵਿੱਚ ਮੌਜੂਦ ਨਿਯਮਾਂ ਦੇ ਅਨੁਕੂਲ ਹੈ। ਪ੍ਰਧਾਨ ਮੰਤਰੀ ਮੇਲੋਨੀ ਨੇ ਐਲਾਨ ਕੀਤਾ ਕਿ ਸਕੂਲ-ਸਬੰਧਤ ਇਨ੍ਹਾਂ ਉਪਾਵਾਂ ਬਾਰੇ ਇੱਕ ਬਿੱਲ ਜਲਦੀ ਹੀ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦਾ ਉਦੇਸ਼ ਜਮਾਤਾਂ ਵਿੱਚ ਬੁਰਕਾ ਅਤੇ ਨਕਾਬ ਪਹਿਨਣ ‘ਤੇ ਰੋਕ ਲਗਾਉਣਾ ਅਤੇ ਪ੍ਰਤੀ ਜਮਾਤ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨਾ ਹੈ। ਆਪਣੀ ਪਾਰਟੀ ‘ਬਰਦਰਜ਼ ਆਫ਼ ਇਟਲੀ’ (Brothers of Italy) ਦੀ ਯੁਵਾ ਸ਼ਾਖਾ ‘ਜਿਓਵੈਂਤੂ ਨਾਜ਼ੀਓਨਾਲੇ’ (Gioventù Nazionale) ਦੁਆਰਾ ਆਯੋਜਿਤ ਤਿਉਹਾਰ ‘ਫੇਨਿਕਸ’ (Fenix) ਵਿੱਚ ਬੋਲਦਿਆਂ ਮੇਲੋਨੀ ਨੇ ਕਿਹਾ, “ਸੰਸਦ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਜਾਵੇਗਾ ਜੋ ਕਾਨੂੰਨੀ ਤੌਰ ‘ਤੇ ਹਰੇਕ ਜਮਾਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੀ ਵੱਧ ਤੋਂ ਵੱਧ ਸੀਮਾ ਤੈਅ ਕਰੇਗਾ। ਇਸ ਤੋਂ ਇਲਾਵਾ ਇਕ ਅਜਿਹਾ ਵੀ ਉਪਾਅ ਹੋਵੇਗਾ, ਜਿਸ ਤਹਿਤ ਜਿਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਸਕੂਲ ਵਿਚ ਘੁਲਣ-ਮਿਲਣ ਵਿਚ ਗੰਭੀਰ ਦਿੱਕਤਾਂ ਹਨ, ਉਨ੍ਹਾਂ ਦੇ ਮਾਤਾ-ਪਿਤਾ ਲਈ ਇਤਾਲਵੀ ਭਾਸ਼ਾ ਸਿੱਖਣਾ ਜ਼ਰੂਰੀ ਹੋਵੇਗਾ ਅਤੇ ਸਕੂਲਾਂ ਵਿਚ ਬੁਰਕੇ ਅਤੇ ਨਕਾਬ ‘ਤੇ ਰੋਕ ਲਗਾਈ ਜਾਵੇਗੀ।” ਮੇਲੋਨੀ ਨੇ ਅੱਗੇ ਕਿਹਾ, “ਇਹ ਗੱਲ ਬਰਦਾਸ਼ਤਯੋਗ ਨਹੀਂ ਹੈ ਕਿ ਇਤਾਲਵੀ ਜਮਾਤਾਂ ਵਿੱਚ ਇਤਾਲਵੀ ਬੱਚੇ ਆਪਣੇ ਆਪ ਨੂੰ ਅਲੱਗ-ਥਲੱਗ ਜਾਂ ਹਾਸ਼ੀਏ ‘ਤੇ ਮਹਿਸੂਸ ਕਰਨ, ਸਿਰਫ਼ ਇਸ ਲਈ ਕਿ ਉਹ ਘੱਟ-ਗਿਣਤੀ ਬਣ ਗਏ ਹਨ। ਅਜਿਹਾ ਨਹੀਂ ਹੋਣ ਦਿੱਤਾ ਜਾ ਸਕਦਾ। ਇਸ ਨੂੰ ‘ਏਕੀਕਰਨ’ (integration) ਕਹਿਣਾ ਇੱਕ ਹੋਰ ਝੂਠ ਹੈ। ਉਨ੍ਹਾਂ ਲੋਕਾਂ ਲਈ ਇੱਕ ਸੁਵਿਧਾਜਨਕ ਝੂਠ ਜੋ ਵਿਚਾਰਧਾਰਾ ਦੇ ਆਧਾਰ ‘ਤੇ ਜਿਊਂਦੇ ਹਨ, ਜੋ ਆਪਣੇ ਘਰਾਂ ਦੇ ਆਰਾਮ ਵਿੱਚ ਬੈਠ ਕੇ ਸਾਨੂੰ ਉਪਦੇਸ਼ ਦਿੰਦੇ ਹਨ ਅਤੇ ਫਿਰ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਵਿੱਚ ਭੇਜਦੇ ਹਨ ਜਿੱਥੇ ਇਹ ਸਮੱਸਿਆ ਮੌਜੂਦ ਹੀ ਨਹੀਂ ਹੈ।”

