BJP leader RP Singh raises questions regarding Punjab Police security
ਭਾਜਪਾ ਆਗੂ RP ਸਿੰਘ ਨੇ ਪੰਜਾਬ ਪੁਲਸ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਸਵਾਲ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਵਲੋਂ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਅਤੇ ਪੰਜਾਬ ਪੁਲਸ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਪੰਜਾਬ ਪੁਲਸ ਦੀ ਵਰਦੀ ‘ਤੇ ਹੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਚ ਅਮਨ-ਕਾਨੂੰਨ ਦੀ ਸਥਿਤੀ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਕਥਿਤ ਤੌਰ ‘ਤੇ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਸੜਕਾਂ ‘ਤੇ ਜਾਂ ਜਨਤਕ ਅਤੇ ਨਿੱਜੀ ਵਾਹਨਾਂ ‘ਚ ਸਫ਼ਰ ਕਰਦੇ ਸਮੇਂ ਪੁਲਸ ਦੀ ਵਰਦੀ ਪਹਿਨਣ ਤੋਂ ਗੁਰੇਜ਼ ਕਰਨ (ਹਾਲਾਂਕਿ ਪੁਲਸ ਵਲੋਂ ਇਸ ਖ਼ਬਰ ਨੂੰ ਇਕ ਅਫ਼ਵਾਹ ਦੱਸਿਆ ਗਿਆ ਹੈ) ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਆਰ. ਪੀ. ਸਿੰਘ ਨੇ ਸਵਾਲ ਕੀਤਾ ਕਿ ਜਿਹੜੀ ਵਰਦੀ ਨੇ ਰੋਅਬ ਕਾਇਮ ਕਰਨਾ ਹੁੰਦਾ ਹੈ ਅਤੇ ਸੁਰੱਖਿਆ ਦੀ ਭਾਵਨਾ ਪ੍ਰਦਾਨ ਕਰਨੀ ਹੁੰਦੀ ਹੈ, ਹੁਣ ਉਸ ਨੂੰ ਇਕ ਅਜਿਹੀ ਚੀਜ਼ ਮੰਨਿਆ ਜਾ ਰਿਹਾ ਹੈ, ਜੋ ਕਿਸੇ ਪੁਲਸ ਅਧਿਕਾਰੀ ਨੂੰ ਨਿਸ਼ਾਨਾ ਬਣਾ ਸਕਦੀ ਹੈ। ਉਨ੍ਹਾਂ ਨੇ ਅਖ਼ੀਰ ‘ਚ ਕਿਹਾ ਕਿ ਜਦੋਂ ਪੰਜਾਬ ਪੁਲਸ ਹੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਆਮ ਜਨਤਾ ਦੀ ਰਾਖੀ ਕਿਵੇਂ ਹੋਵੇਗੀ। ਆਰ. ਪੀ. ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੀ ਸੁਰੱਖਿਆ ਦਾ ਮਾਮਲਾ ਹੈ, ਜਿਨ੍ਹਾਂ ਦੇ ਮੋਢਿਆਂ ‘ਤੇ ਪੰਜਾਬ ਦੇ ਨਾਗਰਿਕਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੇ ਇਸ ਮੌਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਮੌਜੂਦਾ ਸਰਕਾਰ ਦੇ ਸਮੇਂ ‘ਚ ਵਰਦੀ ਪਹਿਨਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ।

