Tragic road accident in London: Minor Punjabi youth dies, one injured
ਲੰਡਨ ‘ਚ ਦਰਦਨਾਕ ਸੜਕ ਹਾਦਸਾ: ਨਾਬਾਲਗ ਪੰਜਾਬੀ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
ਲੰਡਨ (ਆਵਾਜ਼ਿ ਕੌਮ ਬਿਊਰੋ)- ਲੰਡਨ ਦੇ ਸਾਊਥਾਲ ਸਥਿਤ ਸਾਊਥ ਰੋਡ ‘ਤੇ ਸ਼ਨੀਵਾਰ ਤੜਕੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 17 ਸਾਲ ਦੇ ਨਾਬਾਲਗ ਰਣਬੀਰ ਸਿੰਘ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਮੈਟਰੋਪੋਲੀਟਨ ਪੁਲਸ ਅਨੁਸਾਰ ਇਹ ਹਾਦਸਾ ਇੱਕ ਫੋਰਡ ਮਸਟੈਂਗ ਕਾਰ ਦਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੈਟਰੋਪੋਲੀਟਨ ਪੁਲਸ, ਲੰਡਨ ਐਂਬੂਲੈਂਸ ਸਰਵਿਸ ਅਤੇ ਲੰਡਨ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਇਸ ਮਾਮਲੇ ਵਿੱਚ ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਸੁਖਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਸੁਖਵੀਰ ਸਿੰਘ ਨੂੰ ਸੋਮਵਾਰ ਨੂੰ ਲੰਡਨ ਦੀ ਉਕਸਬ੍ਰਿਜ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਹੁਣ ਉਸ ਦੀ ਅਗਲੀ ਪੇਸ਼ੀ 19 ਅਕਤੂਬਰ ਨੂੰ ਓਲਡ ਬੇਲੀ ਕੋਰਟ ਵਿੱਚ ਹੋਵੇਗੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਹੋਣ ਦੇ ਬਾਵਜੂਦ ਘਟਨਾ ਦੀ ਜਾਂਚ ਜਾਰੀ ਹੈ। ਮੈਟਰੋਪੋਲੀਟਨ ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਘਟਨਾ, ਕਾਰ ਦੀ ਰਫ਼ਤਾਰ ਜਾਂ ਉਸ ਖੇਤਰ ਦੀ ਸੀ.ਸੀ.ਟੀ.ਵੀ. (CCTV), ਡੋਰਬੈਲ, ਮੋਬਾਈਲ ਜਾਂ ਡੈਸ਼ਕੈਮ ਰਿਕਾਰਡਿੰਗ ਹੋਵੇ, ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰਨ।

