Started the journey in Ludhiana by making ‘components’! Now, Sunil Mittal is preparing to place a big bet on AI
ਲੁਧਿਆਣਾ ‘ਚ ‘ਪੁਰਜ਼ੇ’ ਬਣਾਉਣ ਤੋਂ ਸ਼ੁਰੂ ਕੀਤਾ ਸਫ਼ਰ ! ਹੁਣ AI ‘ਤੇ ਵੱਡਾ ਦਾਅ ਖੇਡਣ ਦੀ ਤਿਆਰੀ ‘ਚ ਸੁਨੀਲ ਮਿੱਤਲ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਲੁਧਿਆਣਾ ‘ਚ 1976 ‘ਚ ਜਦੋਂ ਸਿਰਫ਼ 18 ਸਾਲ ਦੀ ਉਮਰ ‘ਚ ਸੁਨੀਲ ਭਾਰਤੀ ਮਿੱਤਲ ਨੇ ਸਾਈਕਲ ਦੇ ਪੁਰਜ਼ੇ ਬਣਾਉਣ ਦੀ ਇਕ ਛੋਟੀ ਜਿਹੀ ਇਕਾਈ ਸ਼ੁਰੂ ਕੀਤੀ ਸੀ, ਉਦੋਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਇਕ ਦਿਨ ਇਹੀ ਨੌਜਵਾਨ ਉੱਦਮੀ ਦੁਨੀਆ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀਆਂ ‘ਚ ਸ਼ਾਮਲ ਭਾਰਤੀ ਏਅਰਟੈੱਲ ਦੀ ਅਗਵਾਈ ਕਰੇਗਾ। ਸਾਈਕਲ ਦੇ ਕ੍ਰੈਂਕਸ਼ਾਫਟ ਤੋਂ ਸ਼ੁਰੂ ਹੋਈ ਇਹ ਯਾਤਰਾ ਹੁਣ ਮੋਬਾਈਲ ਨੈੱਟਵਰਕ, ਸਮੁੰਦਰ ਦੇ ਹੇਠਾਂ ਵਿਛੀਆਂ ਸੰਚਾਰ ਕੇਬਲਾਂ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਕਲਾਉਡ ਕੰਪਿਊਟਿੰਗ ਅਤੇ ਸੈਟੇਲਾਈਟ ਸੰਚਾਰ ਤੱਕ ਪਹੁੰਚ ਚੁੱਕੀ ਹੈ। ਭਾਰਤੀ ਸਮੂਹ ਆਪਣੀ ਸਥਾਪਨਾ ਦੇ 50 ਸਾਲ ਮਨਾ ਰਿਹਾ ਹੈ ਅਤੇ ਇਸ ਮੌਕੇ ਮਿੱਤਲ ਦੀ ਨਜ਼ਰ ਕਾਰੋਬਾਰ ਦੇ ਇਕ ਨਵੇਂ ਦੌਰ ‘ਤੇ ਹੈ। ਉਨ੍ਹਾਂ ਦਾ ਟੀਚਾ ਏਅਰਟੈੱਲ ਨੂੰ ਸਿਰਫ਼ ਦੂਰਸੰਚਾਰ ਸੇਵਾ ਦੇਣ ਵਾਲੀ ਕੰਪਨੀ ਤੋਂ ਅੱਗੇ ਵਧਾ ਕੇ ਇਕ ਅਜਿਹੀ ਤਕਨਾਲੋਜੀ ਕੰਪਨੀ ਬਣਾਉਣਾ ਹੈ, ਜਿਸ ਦੇ ਕੇਂਦਰ ‘ਚ ਸੰਪਰਕ ਹੋਵੇ ਅਤੇ ਜਿਸ ਦਾ ਵਿਸਥਾਰ ਆਰਟੀਫੀਸ਼ੀਅਲ ਇੰਟੈਲੀਜੈਂਸ, ਡਿਜੀਟਲ ਵਿੱਤੀ ਸੇਵਾਵਾਂ, ਸਾਵਰੇਨ ਕਲਾਉਡ ਅਤੇ ਸੈਟੇਲਾਈਟ ਸੰਚਾਰ ਤੱਕ ਹੋਵੇ। ਹਾਲਾਂਕਿ, ਇਸ ਭਵਿੱਖ ਦੀ ਤਸਵੀਰ ਨਾਲ ਮਿੱਤਲ ਦਾ ਇਕ ਸਪੱਸ਼ਟ ਸੰਦੇਸ਼ ਵੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ‘ਚ ਮੋਬਾਈਲ ਸੇਵਾਵਾਂ ਦੀਆਂ ਕੀਮਤਾਂ ਵਧਣੀਆਂ ਚਾਹੀਦੀਆਂ ਹਨ, ਟੈਲੀਕਾਮ ਕੰਪਨੀਆਂ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਹੋਣਾ ਚਾਹੀਦਾ ਹੈ, ਅਤੇ ਡਿਜੀਟਲ ਅਰਥਵਿਵਸਥਾ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨੈੱਟਵਰਕਾਂ ਅਤੇ ਬੁਨਿਆਦੀ ਢਾਂਚੇ ‘ਚ ਵੱਡੇ ਪੱਧਰ ‘ਤੇ ਨਿਵੇਸ਼ ਹੋਣਾ ਚਾਹੀਦਾ ਹੈ। ਮਿੱਤਲ ਦੇ ਅਨੁਸਾਰ, ਭਾਰਤ ‘ਚ ਮੋਬਾਈਲ ਸੇਵਾਵਾਂ ਤੋਂ ਪ੍ਰਤੀ ਗਾਹਕ ਔਸਤ ਆਮਦਨ ਯਾਨੀ ARPU ਵਧ ਕੇ ਕਰੀਬ 350 ਰੁਪਏ ਪ੍ਰਤੀ ਮਹੀਨਾ ਤੱਕ ਹੋਣੀ ਚਾਹੀਦੀ ਹੈ। ਲਗਭਗ ਇਕ ਦਹਾਕਾ ਪਹਿਲਾਂ, ਉਨ੍ਹਾਂ 300 ਰੁਪਏ ਦਾ ਟੀਚਾ ਰੱਖਿਆ ਸੀ, ਪਰ ਹੁਣ ਵਧਦੀ ਸੰਚਾਲਨ ਲਾਗਤਾਂ ਅਤੇ ਨੈੱਟਵਰਕ ਵਿਸਥਾਰ ਦੀ ਜ਼ਰੂਰਤ ਨੂੰ ਦੇਖਦੇ ਹੋਏ, ਉਨ੍ਹਾਂ ਦਾ ਮੰਨਣਾ ਹੈ ਕਿ 350 ਰੁਪਏ ਇਕ ਵਾਜਬ ਪੱਧਰ ਹੈ। ਮਿੱਤਲ ਨੇ ਕਿਹਾ,”ਹਰ ਚੀਜ਼ ਮਹਿੰਗੀ ਹੋ ਗਈ ਹੈ। ਇਸ ਲਈ ਸਾਡੇ ਉਦਯੋਗ ਲਈ 350 ਰੁਪਏ ਸਹੀ ARPU ਹੋਵੇਗਾ।” ਉਨ੍ਹਾਂ ਨੇ ਮੋਬਾਈਲ ਸੇਵਾਵਾਂ ਦੀ ਕੀਮਤ ਦੀ ਤੁਲਨਾ ਰੋਜ਼ਾਨਾ ਦੀਆਂ ਚੀਜ਼ਾਂ ਨਾਲ ਹੋਏ ਕਿਹਾ ਕਿ ਸਾਬਣ, ਚਿਪਸ ਅਤੇ ਪੈਪਸੀ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ‘ਚ ਕਾਫ਼ੀ ਅੰਤਰ ਹੈ। ਇਸ ਦੇ ਬਾਵਜੂਦ ਮੋਬਾਈਲ ਸੇਵਾਵਾਂ ਲੋਕਾਂ ਨੂੰ ਸਿਰਫ਼ ਕਾਲ ਅਤੇ ਇੰਟਰਨੈੱਟ ਹੀ ਨਹੀਂ ਦਿੰਦੀਆਂ, ਸਗੋਂ ਬੈਂਕਿੰਗ, ਸਿੱਖਿਆ, ਸਿਹਤ ਰਿਕਾਰਡ, ਸਰਕਾਰੀ ਯੋਜਨਾਵਾਂ ਦਾ ਲਾਭ, ਯੂਪੀਆਈ ਭੁਗਤਾਨ ਅਤੇ ਮਨੋਰੰਜਨ ਵਰਗੀਆਂ ਸਹੂਲਤਾਂ ਤੱਕ ਪਹੁੰਚ ਵੀ ਉਪਲੱਬਧ ਕਰਵਾਉਂਦੀ ਹੈ। ਮਿੱਤਲ ਦੇ ਅਨੁਸਾਰ, ਹਰ ਦਿਨ 10 ਤੋਂ 12 ਰੁਪਏ ਖਰਚ ਕਰ ਕੇ ਮਿਲਣ ਵਾਲੀਆਂ ਇਹ ਸਹੂਲਤਾਂ ਨੂੰ ਮਹਿੰਗਾ ਜਾਂ ਗੈਰ-ਵਾਜਬ ਨਹੀਂ ਕਿਹਾ ਜਾ ਸਕਦਾ। ਸਤੰਬਰ ਤਿਮਾਹੀ ‘ਚ ਏਅਰਟੈੱਲ ਦਾ ਮੋਬਾਈਲ ARPU 271 ਰੁਪਏ ਸੀ, ਜੋ ਕਿ ਇਕ ਸਾਲ ਪਹਿਲਾਂ 256 ਰੁਪਏ ਸੀ। ਮਿੱਤਲ ਦਾ ਵਪਾਰਕ ਸਫ਼ਰ ਕਿਸੇ ਵੱਡੇ ਨਿਵੇਸ਼ ਜਾਂ ਮਹੱਤਵਪੂਰਨ ਯੋਜਨਾ ਨਾਲ ਨਹੀਂ, ਸਗੋਂ ਲੁਧਿਆਣਾ ‘ਚ ਸਾਈਕਲ ਪੁਰਜ਼ਿਆਂ ਦੇ ਨਿਰਮਾਣ ਨਾਲ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦਾ ਟੀਚਾ ਆਪਣਾ ਕਾਰੋਬਾਰ ਬਣਾਉਣਾ, ਰੋਜ਼ੀ-ਰੋਟੀ ਕਮਾਉਣਾ ਅਤੇ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੂੰਜੀ ਇਕੱਠੀ ਕਰਨਾ ਸੀ। ਸਾਈਕਲ ਪੁਰਜ਼ਿਆਂ ਤੋਂ ਬਾਅਦ, ਉਨ੍ਹਾਂ ਨੇ ਹੌਜ਼ਰੀ ਅਤੇ ਸਟੇਨਲੈਸ ਸਟੀਲ ਸ਼ੀਟ ਵਪਾਰ ‘ਚ ਉੱਦਮ ਕੀਤਾ। ਫਿਰ ਆਯਾਤ ਅਤੇ ਵਪਾਰ ਦੀ ਦੁਨੀਆ ‘ਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਪੋਰਟੇਬਲ ਜਨਰੇਟਰ, ਪੁਸ਼-ਬਟਨ ਟੈਲੀਫੋਨ, ਕੋਰਡਲੈੱਸ ਫੋਨ, ਆਂਸਰਿੰਗ ਮਸ਼ੀਨਾਂ ਅਤੇ ਫੈਕਸ ਮਸ਼ੀਨਾਂ ਵਰਗੇ ਉਤਪਾਦ ਪੇਸ਼ ਕੀਤੇ। ਉਸ ਸਮੇਂ, ਇਹ ਉਤਪਾਦ ਭਾਰਤੀ ਖਪਤਕਾਰਾਂ ਲਈ ਨਵੇਂ ਸਨ ਅਤੇ ਉਨ੍ਹਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਸੀ। ਪਰ ਕਾਰੋਬਾਰ ਦੀ ਸ਼ੁਰੂਆਤੀ ਸਫਲਤਾ ਨੇ ਉਨ੍ਹਾਂ ਨੂੰ ਇਹ ਵੀ ਸਿਖਾਇਆ ਕਿ ਭਾਰਤ ‘ਚ ਨੀਤੀਗਤ ਬਦਲਾਅ ਕਿਸੇ ਵੀ ਕਾਰੋਬਾਰ ਦਾ ਰਾਹ ਬਦਲ ਸਕਦੇ ਹਨ। ਉਸਦਾ ਪੋਰਟੇਬਲ ਜਨਰੇਟਰ ਕਾਰੋਬਾਰ ਬਹੁਤ ਲਾਭਦਾਇਕ ਸੀ, ਪਰ ਸਰਕਾਰ ਦੀ ਆਯਾਤ ਨੀਤੀ ਬਦਲਣ ਤੋਂ ਬਾਅਦ ਇਹ ਲਗਭਗ ਰਾਤੋ-ਰਾਤ ਖ਼ਤਮ ਹੋ ਗਿਆ। ਮਿੱਤਲ ਨੇ ਕਿਹਾ ਕਿ ਜਨਰੇਟਰ ਕਾਰੋਬਾਰ ਕਈ ਸਾਲਾਂ ਤੋਂ ਬਹੁਤ ਸਫਲ ਰਿਹਾ ਸੀ, ਪਰ ਨੀਤੀਗਤ ਤਬਦੀਲੀ ਨੇ ਇਸ ਨੂੰ ਅਚਾਨਕ ਖਤਮ ਕਰ ਦਿੱਤਾ। ਭਾਰਤੀ ਨੇ 1995 ‘ਚ ਦਿੱਲੀ ‘ਚ ਏਅਰਟੈੱਲ ਦੀਆਂ ਮੋਬਾਈਲ ਸੇਵਾਵਾਂ ਸ਼ੁਰੂ ਕੀਤੀਆਂ। ਉਸ ਸਮੇਂ ਇਕ ਸਰਵੇਖਣ ‘ਚ ਅਨੁਮਾਨ ਲਗਾਇਆ ਗਿਆ ਸੀ ਕਿ ਅਗਲੇ 10 ਸਾਲਾਂ ‘ਚ ਦਿੱਲੀ ‘ਚ ਮੋਬਾਈਲ ਗਾਹਕਾਂ ਦੀ ਗਿਣਤੀ ਸਿਰਫ਼ 10 ਹਜ਼ਾਰ ਤੱਕ ਪਹੁੰਚੇਗੀ। ਮਿੱਤਲ ਨੂੰ ਇਸ ਅਨੁਮਾਨ ‘ਤੇ ਭਰੋਸਾ ਨਹੀਂ ਸੀ। ਏਅਰਟੈੱਲ ਨੇ ਪ ਹਿਲ ਹੀ ਸਾਲ ‘ਚ ਇਹ ਅੰਕੜਾ ਪਾਰ ਕਰ ਲਿਆ। ਮਿੱਤਲ ਅਨੁਸਾਰ,”ਭਾਰਤ ‘ਚ ਕਰੀਬ 3.5 ਲੱਖ ਮੋਬਾਈਲ ਟਾਵਰ ਹਨ, ਜਦੋਂ ਕਿ ਚੀਨ ‘ਚ ਇਨ੍ਹਾਂ ਦੀ ਗਿਣਤੀ 10 ਲੱਖ ਤੋਂ ਵੱਧ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਘੱਟੋ-ਘੱਟ ਆਪਣੇ ਟਾਵਰ ਦੀ ਗਿਣਤੀ ਦੁੱਗਣੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਫਾਈਬਰ ਨੈੱਟਵਰਕ, ਸਮੁੰਦਰ ਦੇ ਅੰਦਰ ਸੰਚਾਰ ਕੇਬਲ, ਸੈਟੇਲਾਈਟ ਅਤੇ ਏਆਈ ਡਾਟਾ ਕੇਂਦਰ ‘ਚ ਵੀ ਵੱਡੇ ਨਿਵੇਸ਼ ਦੀ ਲੋੜ ਹੋਵੇਗੀ।”

