Major incident in Chandigarh! Head Constable shot dead; body found on the bed
ਚੰਡੀਗੜ੍ਹ ‘ਚ ਵੱਡੀ ਵਾਰਦਾਤ! ਹੈੱਡ ਕਾਂਸਟੇਬਲ ਦਾ ਗੋਲ਼ੀ ਮਾਰ ਕੇ ਕਤਲ, ਬੈੱਡ ਤੋਂ ਮਿਲੀ ਲਾਸ਼
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਚੰਡੀਗੜ੍ਹ ਦੇ ਸੈਕਟਰ-22 ਵਿਚ ਹੈੱਡ ਕਾਂਸਟੇਬਲ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਪੁਲਸ ਕੰਟੋਰਲ ਰੂਮ ਨੂੰ ਸੂਚਨਾ ਦਿੱਤੀ । ਪੁਲਸ ਮੌਕੇ ‘ਤੇ ਪਹੁੰਚੀ ਤਾਂ ਹੈੱਡ ਕਾਂਸਟੇਬਲ ਨਿਤਿਨ ਜ਼ਖ਼ਮੀ ਹਾਲਤ ਵਿਚ ਬੈੱਡ ‘ਤੇ ਮਿਲੇ। ਨਿਤਿਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੌਕੇ ਤੋਂ ਦੇਸੀ ਕੱਟਾ ਬਰਾਮਦ ਕੀਤਾ ਹੈ। ਸ਼ੁਰੂਆਤੀ ਜਾਂਚ ਵਿਚ ਨਿਤਿਨ ਦੇ ਨਾਬਾਲਗ ਬੇਟੇ ਨੇ ਕਿਸੇ ਵਿਅਕਤੀ ‘ਤੇ ਗੋਲ਼ੀ ਮਾਰਨ ਦਾ ਦੋਸ਼ ਲਗਾਇਆ ਪਰ ਪੁਲਸ ਨੂੰ ਉਸ ਦੇ ਬਿਆਨ ‘ਤੇ ਸ਼ੱਕ ਹੋਇਆ। ਪੁਲਸ ਨੇ ਨਾਬਾਲਗ ਬੇਟੇ ਨੂੰ ਹਿਰਾਸਤ ਵਿਚ ਲਿਆ ਹੈ। ਵਾਰਦਾਤ ਦੌਰਾਨ ਮਾਂ-ਪੁੱਤ ਹੀ ਘਰ ਵਿਚ ਮੌਜੂਦ ਸਨ। ਇਹ ਘਟਨਾ ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਹੈੱਡ ਕਾਂਸਟੇਬਲ ਨਿਤਿਨ (42) ਸੈਕਟਰ-9 ਸਥਿਤ ਅਕਾਊਂਟਸ ਬਰਾਂਚ ਪੁਲਸ ਹੈੱਡਕੁਆਰਟਰ ‘ਚ ਤਾਇਨਾਤ ਸੀ। ਗੁਆਂਢੀਆਂ ਮੁਤਾਬਕ ਸ਼ੁਰੂ ‘ਚ ਨਿਤਿਨ ਦੇ ਘਰੋਂ ਰੌਲੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਥੋੜ੍ਹੀ ਦੇਰ ਬਾਅਦ ਅਚਾਨਕ ਗੋਲ਼ੀ ਚੱਲਣ ਦੀ ਆਵਾਜ਼ ਆਈ। ਗੁਆਂਢੀਆਂ ਨੇ ਫਿਰ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਸੈਕਟਰ-17 ਦੀ ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ ਘਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਮਗਰੋਂ ਪੁਲਸ ਨੇ ਨਿਤਿਨ ਦੇ 17 ਸਾਲਾ ਪੁੱਤਰ ਤੋਂ ਪੁੱਛਗਿੱਛ ਕੀਤੀ। ਆਪਣੇ ਸ਼ੁਰੂਆਤੀ ਬਿਆਨ ‘ਚ ਪੁੱਤਰ ਨੇ ਪੁਲਸ ਨੂੰ ਦੱਸਿਆ ਕਿ ਬਾਹਰੋਂ ਆ ਕੇ ਕਿਸੇ ਵਿਅਕਤੀ ਨੇ ਉਸ ਦੇ ਪਿਤਾ ਨੂੰ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ। ਜਦੋਂ ਪੁਲਸ ਨੇ ਉਸ ਤੋਂ ਘਟਨਾ ਬਾਰੇ ਦੋਬਾਰਾ ਪੁੱਛਗਿੱਛ ਕੀਤੀ ਤਾਂ ਉਸ ਦੇ ਬਿਆਨ ‘ਚ ਸ਼ੱਕ ਸਾਹਮਣੇ ਆਇਆ। ਪੁਲਸ ਨੂੰ ਪੁੱਤਰ ਦੇ ਬਿਆਨ ‘ਤੇ ਸ਼ੱਕ ਹੋਣ ਤੋਂ ਬਾਅਦ ਉਸ ਤੋਂ ਵਾਰ-ਵਾਰ ਪੁੱਛਗਿੱਛ ਕੀਤੀ ਗਈ। ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਗੋਲ਼ੀ ਕਿਸਨੇ ਚਲਾਈ। ਪੁਲਸ ਘਟਨਾ ਸਥਾਨ ਤੋਂ ਬਰਾਮਦ ਕੀਤੇ ਗਏ ਸਬੂਤਾਂ, ਦੇਸੀ ਪਿਸਤੌਲ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਜੋੜ ਕੇ ਘਟਨਾਵਾਂ ਦੇ ਕ੍ਰਮ ਨੂੰ ਜੋੜ ਰਹੀ ਹੈ। ਪੁਲਸ ਮੁਤਾਬਕ ਕੁਝ ਦਿਨ ਪਹਿਲਾਂ ਮਨੀਮਾਜਰਾ ਵਿਚ ਕੁਝ ਦਿਨ ਪਹਿਲਾਂ ਨਿਤਿਨ ਦੇ ਨਾਬਾਲਗ ਬੇਟੇ ਦਾ ਥਾਰ ਗੱਡੀ ਨਾਲ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਇਸ ਘਟਨਾ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ। ਉਹ ਜਾਂਚ ਕਰ ਰਹੇ ਹਨ ਕਿ ਕੀ ਇਸ ਪੁਰਾਣੇ ਮਾਮਲੇ ਅਤੇ ਸ਼ੁੱਕਰਵਾਰ ਸਵੇਰੇ ਵਾਪਰੀ ਗੋਲ਼ੀਬਾਰੀ ਦੀ ਘਟਨਾ ਵਿਚਕਾਰ ਕੋਈ ਸਬੰਧ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਸੈਕਟਰ 17 ਪੁਲਸ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ। ਇਕ ਦੇਸੀ ਪਿਸਤੌਲ ਬਰਾਮਦ ਹੋਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨਾਬਾਲਗ ਤੋਂ ਪੁੱਛਗਿੱਛ ਅਤੇ ਘਟਨਾ ਸਥਾਨ ਤੋਂ ਬਰਾਮਦ ਹੋਏ ਸਬੂਤਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

