Horrific accident during paragliding! 26-year-old man loses his life; family…
ਪੈਰਾਗਲਾਈਡਿੰਗ ਦੌਰਾਨ ਵਾਪਰਿਆ ਭਿਆਨਕ ਹਾਦਸਾ ! 26 ਸਾਲਾ ਨੌਜਵਾਨ ਦੀ ਗਈ ਜਾਨ, ਪਰਿਵਾਰ ਨਾਲ…
ਧਰਮਸ਼ਾਲਾ (ਆਵਾਜ਼ਿ ਕੌਮ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਬੀਰ-ਬਿਲਿੰਗ ਪੈਰਾਗਲਾਈਡਿੰਗ ਸਾਈਟ ‘ਤੇ 2 ਲੋਕਾਂ ਨਾਲ ਉਡਾਨ ਭਰਨ ਵਾਲਾ ਇਕ ਪੈਰਾਗਲਾਈਡਰ ਹੇਠਾਂ ਡਿੱਗ ਗਿਆ, ਜਿਸ ਕਾਰਨ ਨੋਇਡਾ ਦੇ ਇਕ 26 ਸਾਲਾ ਸੈਲਾਨੀ ਦੀ ਮੌਤ ਹੋ ਗਈ। ਇਸ ਘਟਨਾ ਦੇ ਵਾਪਰ ਜਾਣ ਨਾਲ ਇਕ ਵਾਰ ਫਿਰ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ਵਿਚੋਂ ਇਕ ‘ਤੇ ਪੈਰਾਗਲਾਈਡਿੰਗ ਗਤੀਵਿਧੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ। ਮ੍ਰਿਤਕ ਸੈਲਾਨੀ ਦੀ ਪਚਾਣ ਸ਼ੁਭਮ ਡੋਬਲਿਆਲ ਵਜੋਂ ਹੋਈ ਹੈ, ਜੋ ਆਪਣੀ ਭੈਣ ਅਤੇ ਚਚੇਰੇ ਭਰਾਵਾਂ ਨਾਲ ਹਿਮਾਚਲ ਘੁੰਮਣ ਲਈ ਆਇਆ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਬਿਲਿੰਗ ਤੋਂ ਉਡਾਣ ਭਰਨ ਤੋਂ ਕਰੀਬ 6 ਮਿੰਟ ਬਾਅਦ ਵਾਪਰਿਆ ਹੈ। ਸ਼ੁਭਮ ਸਥਾਨਕ ਪਾਇਲਟ ਵਿਨੇ ਕੁਮਾਰ ਨਾਲ ਇਕ ਟੈਂਡਮ ਪੈਰਾਗਲਾਈਡਿੰਗ ਉਡਾਣ ‘ਤੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਾਇਲਟ ਸੁਰੱਖਿਅਤ ਉਤਰਨ ਵਿੱਚ ਕਾਮਯਾਬ ਹੋ ਗਿਆ, ਜਦੋਂ ਕਿ ਸ਼ੁਭਮ ਕਥਿਤ ਤੌਰ ‘ਤੇ ਪੈਰਾਗਲਾਈਡਰ ਤੋਂ ਡਿੱਗ ਗਿਆ ਅਤੇ ਨਿਰਧਾਰਤ ਲੈਂਡਿੰਗ ਸਾਈਟ ਦੇ ਨੇੜੇ ਇੱਕ ਸੰਘਣੇ ਜੰਗਲ ਵਾਲੇ ਖੇਤਰ ਵਿੱਚ ਜਾ ਡਿੱਗਾ। ਮੁੱਢਲੀ ਜਾਣਕਾਰੀ ਦੇ ਆਧਾਰ ‘ਤੇ ਅਧਿਕਾਰੀਆਂ ਨੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਹਨੇਰਾ ਹੋਣ ਦੇ ਬਾਵਜੂਦ ਬਚਾਅ ਟੀਮਾਂ ਨੇ ਦੇਰ ਸ਼ਾਮ ਤੱਕ ਆਪਣਾ ਕੰਮ ਜਾਰੀ ਰੱਖਿਆ ਅਤੇ ਅੰਤ ਵਿੱਚ ਸੈਲਾਨੀ ਦੀ ਲਾਸ਼ ਨੂੰ ਬਰਾਮਦ ਕਰ ਲਿਆ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਸ ਨੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।

