Doctors operated on right knee instead of left, notice to hospital
ਡਾਕਟਰਾਂ ਨੇ ਖੱਬੇ ਦੀ ਜਗ੍ਹਾ ਕਰ ਦਿੱਤਾ ਸੱਜੇ ਗੋਡੇ ਦਾ ਆਪ੍ਰੇਸ਼ਨ, ਹਸਪਤਾਲ ਨੂੰ ਨੋਟਿਸ
ਲਖਨਊ, (ਆਵਾਜ਼ਿ ਕੌਮ ਬਿਊਰੋ)-ਰਾਜਧਾਨੀ ਦੇ ਗੋਮਤੀਨਗਰ ਵਿਸਤਾਰ ਸਥਿਤ ਇਕ ਨਿੱਜੀ ਹਸਪਤਾਲ ’ਚ ਬਜ਼ੁਰਗ ਔਰਤ ਦੇ ਖੱਬੇ ਗੋਡੇ ਦੀ ਜਗ੍ਹਾ ਸੱਜੇ ਗੋਡੇ ਦਾ ਆਪ੍ਰੇਸ਼ਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਾਲਿਆਂ ਨੇ ਹਸਪਤਾਲ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦੇ ਹੋਏ ਸੀ. ਐੱਮ. ਓ., ਪੁਲਸ ਅਤੇ ਉਪ-ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੂੰ ਸ਼ਿਕਾਇਤ ਕੀਤੀ ਹੈ। ਸੀ. ਐੱਮ. ਓ. ਦਫ਼ਤਰ ਨੇ ਹਸਪਤਾਲ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ ਹੈ। ਰਾਜਾਜੀਪੁਰਮ ਨਿਵਾਸੀ ਮਨੋਜ ਕੁਮਾਰ ਮੁਤਾਬਕ ਉਨ੍ਹਾਂ ਦੀ ਮਾਂ ਰਾਜੇਸ਼ਵਰੀ ਦੇ ਖੱਬੇ ਗੋਡੇ ’ਚ ਪ੍ਰੇਸ਼ਾਨੀ ਸੀ। ਉਨ੍ਹਾਂ ਨੂੰ 8 ਸਤੰਬਰ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਆਯੁਸ਼ਮਾਨ ਯੋਜਨਾ ਤਹਿਤ ਆਪ੍ਰੇਸ਼ਨ ਕਰਵਾਉਣ ਲਈ ਉਨ੍ਹਾਂ ਨੂੰ ਗੋਮਤੀਨਗਰ ਵਿਸਤਾਰ ਸਥਿਤ ਦੂਜੇ ਹਸਪਤਾਲ ਭੇਜਿਆ ਗਿਆ। ਦੋਸ਼ ਹੈ ਕਿ 11 ਸਤੰਬਰ ਨੂੰ ਡਾਕਟਰਾਂ ਨੇ ਖੱਬੇ ਦੀ ਬਜਾਏ ਸੱਜੇ ਗੋਡੇ ਦਾ ਆਪ੍ਰੇਸ਼ਨ ਕਰ ਦਿੱਤਾ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਆਯੁਸ਼ਮਾਨ ਯੋਜਨਾ ਤਹਿਤ ਲੱਗਭਗ 2.50 ਲੱਖ ਰੁਪਏ ਤੋਂ ਇਲਾਵਾ ਉਨ੍ਹਾਂ ਤੋਂ 70 ਹਜ਼ਾਰ ਰੁਪਏ ਨਕਦ ਵੀ ਲਏ ਗਏ। 14 ਸਤੰਬਰ ਨੂੰ ਔਰਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਗਲਤ ਆਪ੍ਰੇਸ਼ਨ ਹੋਣ ਦੀ ਜਾਣਕਾਰੀ ਮਿਲਣ ’ਤੇ ਪਰਿਵਾਰ ਵਾਲਿਆਂ ਨੇ ਡਾਕਟਰਾਂ ਕੋਲ ਵਿਰੋਧ ਪ੍ਰਗਟਾਇਆ ਅਤੇ ਮਾਮਲੇ ਨੂੰ ਦਬਾਉਣ ਲਈ ਧਮਕਾਉਣ ਦਾ ਦੋਸ਼ ਲਾਇਆ। ਨਰਸਿੰਗ ਹੋਮ ਅਤੇ ਹਸਪਤਾਲ ਨੋਡਲ ਅਧਿਕਾਰੀ ਡਾ. ਏ. ਪੀ. ਸਿੰਘ ਨੇ ਦੱਸਿਆ ਕਿ ਹਸਪਤਾਲ ਤੋਂ ਆਪ੍ਰੇਸ਼ਨ ਅਤੇ ਇਲਾਜ ਦਾ ਪੂਰਾ ਵੇਰਵਾ ਮੰਗਿਆ ਗਿਆ ਹੈ। ਜਵਾਬ ਤਸੱਲੀਬਖਸ਼ ਨਾ ਮਿਲਣ ’ਤੇ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ। ਥਾਣਾ ਇੰਚਾਰਜ ਗੌਰਵ ਬਾਜਪੇਈ ਨੇ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਜਾਂਚ ਕੀਤੀ ਜਾਵੇਗੀ।

