Teachers launch protest against the government over Mid-Day Meal and sports funds; announce plans to halt cooking of meals starting October 1
ਮਿਡ-ਡੇ ਮੀਲ ਤੇ ਖੇਡ ਫੰਡਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਅਧਿਆਪਕਾਂ ਦਾ ਮੋਰਚਾ, 1 ਅਕਤੂਬਰ ਤੋਂ ਚੁੱਲ੍ਹੇ ਠੰਡੇ ਕਰਨ ਦਾ ਐਲਾਨ
ਸੁਲਤਾਨਪੁਰ ਲੋਧੀ (ਆਵਾਜ਼ਿ ਕੌਮ ਬਿਊਰੋ)-ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੀ ਹੋਈ ਆਨਲਾਈਨ ਅਤੇ ਆਫਲਾਈਨ ਮੀਟਿੰਗ ਦੌਰਾਨ ਸਕੂਲਾਂ ’ਚ ਮਿਡ ਡੇ ਮੀਲ ਅਤੇ ਪ੍ਰਾਇਮਰੀ ਸਕੂਲ ਖੇਡਾਂ ਸਬੰਧੀ ਅਹਿਮ ਫੈਸਲੇ ਲਏ ਗਏ। ਅਧਿਆਪਕ ਆਗੂਆਂ ਨੇ ਸਪੱਸ਼ਟ ਐਲਾਨ ਕੀਤਾ ਕਿ ਜੇਕਰ ਮਿਡ ਡੇ ਮੀਲ ਦੀ ਰਾਸ਼ੀ ਅੈਡਵਾਂਸ ’ਚ ਜਾਰੀ ਨਾ ਕੀਤੀ ਗਈ ਤਾਂ 1 ਅਕਤੂਬਰ ਤੋਂ ਮਿਡ ਡੇ ਮੀਲ ਬੰਦ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪ੍ਰਾਇਮਰੀ ਸਕੂਲ ਖੇਡਾਂ ਲਈ ਫੰਡ ਜਾਰੀ ਨਾ ਹੋਣ ਦੀ ਸੂਰਤ ’ਚ ਅਧਿਆਪਕ ਆਪਣੀ ਜੇਬ ’ਚੋਂ ਪੈਸੇ ਖਰਚ ਕਰ ਕੇ ਖੇਡਾਂ ਨਹੀਂ ਕਰਵਾਉਣਗੇ। ਮੀਟਿੰਗ ’ਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਜੀ. ਟੀ. ਯੂ. ਦੇ ਜ਼ਿਲਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਅਧਿਆਪਕ ਦਲ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਡੀ. ਟੀ. ਐੱਫ. ਆਗੂ ਜੈਮਲ ਸਿੰਘ, ਮਾਸਟਰ ਕਾਡਰ ਯੂਨੀਅਨ ਕਪੂਰਥਲਾ ਦੇ ਨਰੇਸ਼ ਕੋਹਲੀ ਅਤੇ ਤਰਵਿੰਦਰ ਸਿੰਘ ਮੱਲ੍ਹੀ ਸਮੇਤ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਅਧਿਆਪਕ ਆਗੂਆਂ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਮਿਡ ਡੇ ਮੀਲ ਦਾ ਖਰਚਾ ਅਧਿਆਪਕਾਂ ਨੂੰ ਆਪਣੀ ਜੇਬ ’ਚੋਂ ਕਰਨਾ ਪੈ ਰਿਹਾ ਹੈ। ਵਿਭਾਗ ਵੱਲੋਂ ਮਿਡ ਡੇ ਮੀਲ ਦੀ ਰਾਸ਼ੀ ਨਵੇਂ ‘ਸਪਰਸ਼ ਪੋਰਟਲ’ ਰਾਹੀਂ ਭੇਜਣ ਦੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ, ਜੋ ਕਾਫੀ ਗੁੰਝਲਦਾਰ ਹੋਣ ਕਾਰਨ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪ੍ਰਕਿਰਿਆ ਨੂੰ ਸਰਲ ਕੀਤਾ ਜਾਵੇ ਅਤੇ ਲੋੜੀਂਦੀ ਰਾਸ਼ੀ ਸਮੇਂ ਸਿਰ ਅੈਡਵਾਂਸ ’ਚ ਮੁਹੱਈਆ ਕਰਵਾਈ ਜਾਵੇ। ਆਗੂਆਂ ਨੇ ਕਿਹਾ ਕਿ ਲਗਾਤਾਰ ਪੱਲਿਓਂ ਖਰਚਾ ਕਰਵਾਉਣਾ ਵਾਜਬ ਨਹੀਂ ਹੈ, ਇਸ ਲਈ ਜਦੋਂ ਤੱਕ ਰਾਸ਼ੀ ਅੈਡਵਾਂਸ ਨਹੀਂ ਆਉਂਦੀ, 1 ਅਕਤੂਬਰ ਤੋਂ ਮਿਡ ਡੇ ਮੀਲ ਚਲਾਉਣ ਦੀ ਜ਼ਿੰਮੇਵਾਰੀ ਅਧਿਆਪਕ ਨਹੀਂ ਨਿਭਾਉਣਗੇ। ਮੀਟਿੰਗ ਦੌਰਾਨ ਪ੍ਰਾਇਮਰੀ ਸਕੂਲ ਖੇਡਾਂ ਨੂੰ ਲੈ ਕੇ ਵੀ ਸਖਤ ਰੁਖ ਅਪਣਾਉਂਦਿਆਂ ਫੈਸਲਾ ਕੀਤਾ ਗਿਆ ਕਿ ਜੇਕਰ ਸਰਕਾਰ ਜਾਂ ਵਿਭਾਗ ਵੱਲੋਂ ਲੋੜੀਂਦੇ ਫੰਡ ਜਾਰੀ ਨਹੀਂ ਹੁੰਦੇ ਤਾਂ ਅਧਿਆਪਕ ਆਪਣੀ ਜੇਬ ’ਚੋਂ ਖਰਚਾ ਕਰ ਕੇ ਖੇਡਾਂ ਨਹੀਂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਖੇਡਾਂ ਕਰਵਾਉਣੀਆਂ ਸਰਕਾਰ ਅਤੇ ਵਿਭਾਗ ਦੀ ਜ਼ਿੰਮੇਵਾਰੀ ਹੈ, ਇਸ ਦਾ ਵਿੱਤੀ ਬੋਝ ਅਧਿਆਪਕਾਂ ’ਤੇ ਨਹੀਂ ਪਾਇਆ ਜਾ ਸਕਦਾ। ਅਧਿਆਪਕ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਅਫਸਰ ਜਾਂ ਅਧਿਆਪਕ ਵੱਲੋਂ ਖੇਡਾਂ ਲਈ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਸਬੰਧਤ ਦਫਤਰ ਜਾਂ ਸਕੂਲ ਦਾ ਘਿਰਾਓ ਕਰਨਗੀਆਂ। ਉਨ੍ਹਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਗੈਰ-ਅਧਿਆਪਨ ਜ਼ਿੰਮੇਵਾਰੀਆਂ ਅਤੇ ਵਿੱਤੀ ਬੋਝ ਦਾ ਸਾਹਮਣਾ ਕਰ ਰਹੇ ਹਨ, ਇਸ ਲਈ ਹੋਰ ਵਿੱਤੀ ਬੋਝ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਅਸ਼ਵਨੀ ਕੁਮਾਰ, ਪ੍ਰਦੀਪ ਸਿੰਘ ਟੋਨੀ, ਅੰਮ੍ਰਿਤਪਾਲ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

