Ram Mandir offering theft case: Police charge sheet lists 133 witnesses, including Champat Rai; CCTV footage a key piece of evidence
ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ: ਪੁਲਸ ਦੀ ਚਾਰਜਸ਼ੀਟ ’ਚ ਚੰਪਤ ਰਾਏ ਸਣੇ 133 ਗਵਾਹ, CCTV ਫੁਟੇਜ ਅਹਿਮ ਸਬੂਤ
ਅਯੁੱਧਿਆ (ਆਵਾਜ਼ਿ ਕੌਮ ਬਿਊਰੋ)-ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਵਿਚ ਪੁਲਸ ਵੱਲੋਂ ਦਾਖ਼ਲ ਕੀਤੀ ਗਈ ਲਗਭਗ 74 ਹਜ਼ਾਰ ਸਫਿਆਂ ਦੀ ਚਾਰਜਸ਼ੀਟ ਹੁਣ ਅਦਾਲਤ ਵਿਚ ਦੋਸ਼ਾਂ ਨੂੰ ਸਾਬਤ ਕਰਨ ਦਾ ਆਧਾਰ ਬਣੇਗੀ। ਇਸ ਵਿਚ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਦੇ ਸਾਬਕਾ ਅਹੁਦੇਦਾਰ ਚੰਪਤ ਰਾਏ, ਅਨਿਲ ਮਿਸ਼ਰਾ ਅਤੇ ਗੋਪਾਲ ਰਾਓ ਸਮੇਤ ਲਗਭਗ 133 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸੀ. ਸੀ. ਟੀ. ਵੀ. ਫੁਟੇਜ, ਮੁਲਜ਼ਮਾਂ ਤੋਂ ਬਰਾਮਦ ਨਕਦੀ ਤੇ ਹੋਰ ਸਾਮਾਨ, ਵਾਹਨਾਂ ਦੀ ਬਰਾਮਦਗੀ, ਕਾਲ ਡਿਟੇਲ ਅਤੇ ਵਿੱਤੀ ਲੈਣ-ਦੇਣ ਨਾਲ ਜੁੜੇ ਦਸਤਾਵੇਜ਼ ਵੀ ਸਬੂਤ ਵਜੋਂ ਸ਼ਾਮਲ ਕੀਤੇ ਗਏ ਹਨ। ਇਸਤਗਾਸਾ ਨੂੰ ਅਦਾਲਤ ਵਿਚ ਇਹ ਸਾਬਤ ਕਰਨਾ ਹੋਵੇਗਾ ਕਿ ਅਪਰਾਧ ਹੋਇਆ ਹੈ ਅਤੇ ਉਸ ਵਿਚ ਸਬੰਧਤ ਮੁਲਜ਼ਮਾਂ ਦੀ ਕੀ ਭੂਮਿਕਾ ਸੀ। ਬਰਾਮਦ ਨਕਦੀ ਨੂੰ ਅਪਰਾਧ ਨਾਲ ਜੋੜਨਾ ਵੀ ਮਹੱਤਵਪੂਰਨ ਹੋਵੇਗਾ। ਇਸ ਲਈ ਰਕਮ ਦੀ ਬਰਾਮਦਗੀ ਦੇ ਹਾਲਾਤ, ਉਸ ਦਾ ਸੋਮਾ, ਬੈਂਕ ਖਾਤਿਆਂ ਵਿਚ ਲੈਣ-ਦੇਣ ਅਤੇ ਮੁਲਜ਼ਮਾਂ ਦੀਆਂ ਗਤੀਵਿਧੀਆਂ ਨਾਲ ਜੁੜੇ ਦਸਤਾਵੇਜ਼ ਅਹਿਮ ਹੋਣਗੇ। ਚਾਰਜਸ਼ੀਟ ਵਿਚ ਸ਼ਾਮਲ 133 ਗਵਾਹਾਂ ਵਿਚ ਮੰਦਰ ਮੈਨੇਜਮੈਂਟ ਨਾਲ ਜੁੜੇ ਲੋਕਾਂ ਤੋਂ ਇਲਾਵਾ ਮੁਲਜ਼ਮਾਂ ਦੇ ਵਾਕਫ਼ ਅਤੇ ਹੋਰ ਸਬੰਧਤ ਵਿਅਕਤੀ ਸ਼ਾਮਲ ਹਨ। ਇਨ੍ਹਾਂ ਦੇ ਬਿਆਨ ਚੜ੍ਹਾਵੇ ਦੀ ਗਿਣਤੀ, ਦਾਨ ਪਾਤਰਾਂ ਦੀ ਵਿਵਸਥਾ, ਬੈਂਕਿੰਗ ਪ੍ਰਕਿਰਿਆ ਅਤੇ ਮੁਲਜ਼ਮਾਂ ਦੀਆਂ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਚਾਰਜਸ਼ੀਟ ਦਾਖ਼ਲ ਹੋਣ ਦੇ ਨਾਲ ਹੀ ਪੁਲਸ ਦੀ ਤਫ਼ਤੀਸ਼ ਪੂਰੀ ਹੋ ਗਈ ਹੈ। ਹੁਣ ਅਦਾਲਤ ਵਿਚ ਸਾਰੇ ਸਬੂਤਾਂ ਦੀ ਭਰੋਸੇਯੋਗਤਾ ਅਤੇ ਆਪਸੀ ਸਬੰਧਾਂ ਦੀ ਜਾਂਚ ਹੋਵੇਗੀ। ਗਵਾਹਾਂ ਨੂੰ ਵੀ ਬਚਾਅ ਪੱਖ ਦੀ ਜਾਂਚ-ਪੜਤਾਲ ਦਾ ਸਾਹਮਣਾ ਕਰਨਾ ਪਵੇਗਾ। ਸੀ. ਸੀ. ਟੀ. ਵੀ. ਫੁਟੇਜ ਦੀ ਪ੍ਰਮਾਣਿਕਤਾ ਅਤੇ ਹੋਰ ਦਸਤਾਵੇਜ਼ਾਂ ਦੀ ਜਾਇਜ਼ਤਾ ਵੀ ਨਿਆਇਕ ਜਾਂਚ ’ਚੋਂ ਲੰਘੇਗੀ।

