Captain Amarinder Singh’s clear response amidst speculation about leaving the BJP
ਭਾਜਪਾ ਛੱਡਣ ਦੀਆਂ ਅਟਕਲਾਂ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਦਾ ਸਪੱਸ਼ਟ ਜਵਾਬ
ਨਵੀਂ ਦਿੱਲੀ/ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਬਾਰੇ ਉਹ ਕੀ ਮਹਿਸੂਸ ਕਰਦੇ ਹਨ, ਇਹ ਆਪਣੀ ਪਾਰਟੀ (ਭਾਜਪਾ) ਨੂੰ ਦੱਸਣਾ ਉਨ੍ਹਾਂ ਦਾ ਫਰਜ਼ ਹੈ ਅਤੇ ਇਸ ਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਛੱਡ ਰਹੇ ਹਨ। ਕੈਪਟਨ ਨੇ ਇਹ ਵੀ ਕਿਹਾ ਕਿ ਉਹ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਹੇ ਹਨ ਪਰ ਇਸ ਮੁਸ਼ਕਲ ਦੌਰ ਬਾਰੇ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਹ 84 ਸਾਲਾਂ ਦੇ ਹਨ ਪਰ ਅਜੇ ਬੁੱਢੇ ਨਹੀਂ ਹੋਏ। ਉਨ੍ਹਾਂ ਮੋਰਾਰਜੀ ਦੇਸਾਈ ਦਾ ਉਦਾਹਰਣ ਦਿੱਤਾ ਜੋ ਕਾਫੀ ਵੱਧ ਉਮਰ ਦੇ ਪ੍ਰਧਾਨ ਮੰਤਰੀ ਬਣੇ ਸਨ। ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੀ ਯਾਦ ਵਿਚ ਲਿਖੀ ਗਈ ਕਿਤਾਬ ‘ਬਿਸ਼ਨ ਵਿਦ ਲਵ’ ਦੀ ਘੁੰਡ ਚੁਕਾਈ ਮੌਕੇ ਉਨ੍ਹਾਂ ਕਿਹਾ ਕਿ ਮੈਂ 84 ਸਾਲ ਦਾ ਹਾਂ ਪਰ ਮੋਰਾਰਜੀ ਦੇਸਾਈ ਵੀ 92 ਸਾਲ ਦੇ ਸਨ। ਇਸ ਮੌਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ਗੀ ਦਾ ਕਾਰਣ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ 60 ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਹਨ। ਉਨ੍ਹਾਂ ਗਿਲਾ ਜ਼ਾਹਰ ਕਰਦਿਆਂ ਕਿਹਾ ਕਿ ਕੁਝ ਲੋਕ ਸਾਡੇ ਤੋਂ ਬਾਅਦ ਪਾਰਟੀ ਵਿਚ ਆਏ ਹਨ, ਜਿਨ੍ਹਾਂ ਨੂੰ ਅਜੇ ਇਕ ਸਾਲ ਵੀ ਨਹੀਂ ਹੋਇਆ। ਅਸੀਂ ਇੰਨੇ ਸਾਲਾਂ ਵਿਚ ਪੰਜਾਬ ਦੇ ਉਤਾਰ-ਚੜ੍ਹਾਅ ਦੇਖੇ ਹਨ ਪਰ ਸਾਡੇ ਨਾਲ ਕੋਈ ਸਲਾਹ-ਮਸ਼ਵਰਾ ਤੱਕ ਨਹੀਂ ਕੀਤਾ ਜਾਂਦਾ। ਇਸ ਲਈ ਪਾਰਟੀ ਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਤੋਂ ਜਾਣੂ ਕਰਵਾਉਣਾ ਮੇਰਾ ਫ਼ਰਜ਼ ਬਣਦਾ ਹੈ। ਮੈਂ ਇਹ ਨਹੀਂ ਕਿਹਾ ਕਿ ਕਾਂਗਰਸ ਜਾਂ ਭਾਜਪਾ ਵਿਚ ਹੁਣ ਮੇਰੀ ਸਾਰਥਕਤਾ ਨਹੀਂ। ਪਾਰਟੀਆਂ ਬਦਲੀਆਂ ਰਹਿੰਦੀਆਂ ਹਨ। ਇਕ ਸਮੇਂ ਮੈਂ ਕਾਂਗਰਸ ਵਿਚ ਸੀ ਪਰ ‘ਆਪ੍ਰੇਸ਼ਨ ਬਲੂ ਸਟਾਰ’ ਨੂੰ ਲੈ ਕੇ ਮੈਂ ਅਕਾਲੀ ਦਲ ਵਿਚ ਚਲਾ ਗਿਆ ਸੀ ਅਤੇ ਬਾਅਦ ਵਿਚ ਮੈਂ ਕਾਂਗਰਸ ਵਿਚ ਵਾਪਸ ਪਰਤ ਆਇਆ। ਇਸ ਦਾ ਮਤਲਬ ਇਹ ਨਹੀਂ ਹੈ ਕਿ ਹੁਣ ਮੈਂ ਪਾਰਟੀ ਛੱਡ ਕੇ ਕਿਸੇ ਦੂਸਰੀ ਪਾਰਟੀ ਵਿਚ ਸ਼ਾਮਲ ਹੋ ਜਾਵਾਂਗਾ। ਕੈਪਟਨ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਆਗੂਆਂ ਨੂੰ ਆਪਣੇ ਵਿਚਾਰ ਅਤੇ ਆਪਣੀਆਂ ਭਾਵਨਾਵਾਂ ਦੱਸਣਾ ਮੇਰਾ ਫਰਜ਼ ਹੈ।

