Death sentence of the woman who murdered innocent Dilroz commuted to life imprisonment
ਮਾਸੂਮ ਦਿਲਰੋਜ਼ ਦਾ ਕਤਲ ਕਰਨ ਵਾਲੀ ਮਹਿਲਾ ਦੀ ਫ਼ਾਂਸੀ ਦੀ ਸਜ਼ਾ ਉਮਰ ਕੈਦ ‘ਚ ਬਦਲੀ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਦੇ ਬਹੁ-ਚਰਚਿਤ ਢਾਈ ਸਾਲਾ ਮਾਸੂਮ ਬੱਚੀ ਦਿਲਰੋਜ਼ ਕੌਰ ਕਤਲ ਕਾਂਡ ਵਿਚ ਦੋਸ਼ੀ ਔਰਤ ਨੀਲਮ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਹੈ। ਅਦਾਲਤ ਦੇ ਫ਼ੈਸਲੇ ਅਨੁਸਾਰ ਹੁਣ ਦੋਸ਼ੀ ਨੂੰ ਬਿਨਾਂ ਕਿਸੇ ਪੈਰੋਲ ਜਾਂ ਛੋਟ ਦੇ 30 ਸਾਲ ਜੇਲ੍ਹ ਵਿਚ ਬਿਤਾਉਣੇ ਪੈਣਗੇ। ਦੱਸ ਦਈਏ ਕਿ 28 ਨਵੰਬਰ 2021 ਨੂੰ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਰਹਿਣ ਵਾਲੀ 38 ਸਾਲਾ ਨੀਲਮ ਨੇ ਆਪਣੇ ਗੁਆਂਢੀ ਪੁਲਸ ਮੁਲਾਜ਼ਮ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਧੀ ਦਿਲਰੋਜ਼ ਨੂੰ ਸਕੂਟੀ ‘ਤੇ ਬਿਠਾ ਕੇ ਅਗਵਾ ਕੀਤਾ ਤੇ ਉਸ ਨੂੰ ਐਲਡੇਕੋ ਨੇੜੇ ਇਕ ਸੁਨਸਾਨ ਪਲਾਟ ‘ਚ ਲੈ ਗਈ, ਜਿੱਥੇ ਉਸ ਨੇ ਪਹਿਲਾਂ ਤੋਂ ਪੁੱਟੇ ਟੋਏ ਵਿਚ ਮਾਸੂਮ ਦੇ ਮੂੰਹ ‘ਚ ਮਿੱਟੀ ਠੂਸ ਕੇ ਉਸ ਨੂੰ ਜ਼ਿੰਦਾ ਦਫ਼ਨਾ ਦਿੱਤਾ। ਦਮ ਘੁੱਟਣ ਕਾਰਨ ਬੱਚੀ ਦੀ ਮੌਤ ਹੋ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਪੁਲਸ ਮੁਲਾਜ਼ਮ ਵੱਲੋਂ ਆਪਣੇ ਬੱਚਿਆਂ ਲਈ ਲਿਆਂਦੇ ਜਾਂਦੇ ਚੰਗੇ ਖਿਡੌਣਿਆਂ ਅਤੇ ਕੱਪੜਿਆਂ ਨੂੰ ਦੇਖ ਕੇ ਦੋਸ਼ੀ ਔਰਤ ਦੇ ਮਨ ਵਿਚ ਇਰਖਾ ਪੈਦਾ ਹੋ ਗਈ ਸੀ, ਕਿਉਂਕਿ ਉਹ ਆਪਣੇ ਬੱਚਿਆਂ ਦੀਆਂ ਅਜਿਹੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੀ ਸੀ। ਸੀਸੀਟੀਵੀ ਫੁਟੇਜ ਤੋਂ ਖੁਲਾਸਾ ਹੋਣ ਮਗਰੋਂ ਗ੍ਰਿਫ਼ਤਾਰ ਕੀਤੀ ਗਈ ਨੀਲਮ ਨੂੰ ਲਗਭਗ ਦੋ ਸਾਲ ਪਹਿਲਾਂ ਸੈਸ਼ਨ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਹੁਣ ਹਾਈ ਕੋਰਟ ਨੇ ਉਸ ਦੀ ਅਪੀਲ ‘ਤੇ ਸੁਣਵਾਈ ਕਰਦਿਆਂ ਇਸ ਸਜ਼ਾ ਨੂੰ 30 ਸਾਲ ਦੀ ਕੈਦ ‘ਚ ਤਬਦੀਲ ਕਰ ਦਿੱਤਾ ਹੈ।

