Rumors circulate about two female students going missing from Chitkara University; students stage a massive protest
ਚਿਤਕਾਰਾ ਯੂਨੀਵਰਸਿਟੀ ‘ਚੋਂ 2 ਵਿਦਿਆਰਥਣਾਂ ਦੇ ਲਾਪਤਾ ਹੋਣ ਦੀ ਉੱਡੀ ਅਫ਼ਵਾਹ! ਵਿਦਿਆਰਥੀਆਂ ਨੇ ਕੀਤਾ ਵੱਡਾ ਪ੍ਰਦਰਸ਼ਨ
ਰਾਜਪੁਰਾ/ਪਟਿਆਲਾ (ਆਵਾਜ਼ਿ ਕੌਮ ਬਿਊਰੋ)-ਪਟਿਆਲਾ ਦੇ ਰਾਜਪੁਰਾ ‘ਚ ਸਥਿਤ ਚਿਤਕਾਰਾ ਯੂਨੀਵਰਸਿਟੀ ‘ਚ ਅੱਧੀ ਰਾਤ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਸੋਸ਼ਲ ਮੀਡੀਆ ‘ਤੇ ਗਰਲਜ਼ ਹੋਸਟਲ ‘ਚ ਦੋ ਵਿਦਿਆਰਥਣਾਂ ਦੇ ਲਾਪਤਾ ਹੋਣ ਦਾ ਦਾਅਵਾ ਕਰਨ ਵਾਲੀ ਇਕ ਵੀਡੀਓ ਕਥਿਤ ਤੌਰ ‘ਤੇ ਵਾਇਰਲ ਹੋ ਗਈ। ਵੀਡੀਓ ਸਾਹਮਣੇ ਆਉਣ ਮਗਰੋਂ ਵੱਡੀ ਗਿਣਤੀ ‘ਚ ਵਿਦਿਆਰਥੀ ਕੈਂਪਸ ‘ਚ ਇਕੱਠੇ ਹੋਏ ਅਤੇ ਮਾਮਲੇ ਦੀ ਜਾਣਕਾਰੀ ਦੇਣ ਦੀ ਮੰਗ ਕਰਦੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕੁਝ ਪੁਲਸ ਦੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ ਗਈ। ਵਿਦਿਆਰਥੀਆਂ ਦੀ ਮੰਗ ਸੀ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਅਤੇ ਇਸ ‘ਚ ਕੀਤੇ ਜਾ ਰਹੇ ਦਾਅਵੇ ਦੀ ਸੱਚਾਈ ਸਪੱਸ਼ਟ ਕੀਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਇਕ ਵੀਡੀਓ ‘ਚ ਗਰਲਜ਼ ਹੋਸਟਲ ‘ਚ ਦੋ ਵਿਦਿਆਰਥਣਾਂ ਦੇ ਲਾਪਤਾ ਹੋਣ ਦਾ ਦਾਅਵਾ ਕੀਤਾ ਗਿਆ ਸੀ। ਵੀਡੀਓ ਤੇਜ਼ੀ ਨਾਲ ਫੈਲਣ ਮਗਰੋਂ ਵਿਦਿਆਰਥੀਆਂ ‘ਚ ਚਿੰਤਾ ਵਧੀ ਅਤੇ ਰੋਸ ਪੈਦਾ ਹੋ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕੈਂਪਸ ‘ਚ ਇਕੱਠੇ ਹੋ ਕੇ ਮਾਮਲੇ ਦੀ ਸਪੱਸ਼ਟ ਜਾਣਕਾਰੀ ਦੇਣ ਦੀ ਮੰਗ ਕੀਤੀ। ਉਧਰ ਯੂਨੀਵਰਸਿਟੀ ਨੇ ਦੱਸਿਆ ਹੈ ਕਿ ਇਹ ਸਿਰਫ਼ ਅਫ਼ਵਾਹ ਹੈ, ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਮਾਮਲੇ ਦਾ ਪਤਾ ਲੱਗਦੇ ਹੀ ਡੀ. ਐੱਸ. ਪੀ. ਮੌਕੇ ਉਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਦੋ ਕੁੜੀਆਂ ਦੇ ਲਾਪਤਾ ਹੋਣ ਦੀ ਅਫ਼ਵਾਹ ਦੀ ਵੀਡੀਓ ਵਾਇਰਲ ਹੋਈ ਸੀ। ਮੈਂ ਡੀ. ਐੱਸ.ਪੀ. ਬਨੂੜ ਅਤੇ ਸਥਾਨਕ ਐੱਸ. ਐੱਚ. ਓ. ਗੁਰਸੇਵਕ ਨੇ ਮੌਕੇ ਉਤੇ ਪਹੁੰਚ ਕੇ ਕਾਲਜ ਪ੍ਰਸ਼ਾਸਨ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੂੰ ਦੱਸਿਆ ਕਿ ਇਹ ਸਿਰਫ਼ ਇਕ ਅਫ਼ਵਾਹ ਸੀ ਅਤੇ ਕੈਂਪਸ ਵਿੱਚ ਅਜਿਹਾ ਕੁਝ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਦਾਅਵਾ ਕੀਤਾ ਗਿਆ ਸੀ ਕਿ ਦੋ ਵਿਦਿਆਰਥਣਾਂ ਲਾਪਤਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਤੋਂ ਉਨ੍ਹਾਂ ਦੀ ਸ਼ਿਕਾਇਤ ਲੈ ਲਈ ਗਈ ਹੈ ਅਜੇ ਉਨ੍ਹਾਂ ਕੁੜੀਆਂ ਦੇ ਨਾਵਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਜੋ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇਗੀ। ਸਾਰੇ ਬੱਚਿਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਮਾਪਿਆਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ। ਯੂਨੀਵਰਸਿਟੀ ਵਿਚ ਸਾਰੇ ਬੱਚੇ ਸੁਰੱਖਿਅਤ ਹਨ। ਅਸੀਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ। ਯੂਨੀਵਰਸਿਟੀ ਦੇ ਰਜਿਸਟਰਾਰ ਨੇ ਇਹ ਵੀ ਕਿਹਾ ਕਿ ਇਹ ਸਭ ਅਫ਼ਵਾਹਾਂ ਸਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਾਂਤ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਕ ਬਿਆਨ ਜਾਰੀ ਕਰਨਗੇ।

