Milan airport named after former Italian PM Silvio Berlusconi despite opposition
ਵਿਰੋਧ ਦੇ ਬਾਵਜੂਦ ਮਿਲਾਨ ਹਵਾਈ ਅੱਡੇ ਦਾ ਨਾਮ ਇਟਲੀ ਦੇ ਸਾਬਕਾ PM ਸਿਲਵੀਓ ਬਰਲੁਸਕੋਨੀ ਦੇ ਨਾਮ ‘ਤੇ ਰੱਖਿਆ
ਇਟਲੀ (ਆਵਾਜ਼ਿ ਕੌਮ ਬਿਊਰੋ)-ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਜ ਮਿਲਾਨ ਏਅਰਪੋਰਟ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਮਾਲਪੈਂਸਾ ਹਵਾਈ ਅੱਡੇ ਦਾ ਨਾਮ ਇਟਲੀ ਦੀ ਸਿਆਸਤ ਵਿੱਚ ਵਿਸ਼ੇਸ਼ ਰੁਤਬਾ ਰੱਖਣ ਵਾਲੇ ਫੋਰਸਾ ਇਤਾਲੀਆ ਪਾਰਟੀ ਦੇ ਸੀਨੀਅਰ ਆਗੂ ਤੇ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸਿਲਵੀਓ ਬਰਲੁਸਕੋਨੀ ਦੇ ਨਾਮ ‘ਤੇ ਰੱਖਿਆ ਗਿਆ। ਇਸ ਸਮਾਗਮ ਵਿੱਚ ਇਟਲੀ ਦੀ ਸਿਆਸਤ ਦੀਆਂ ਸਿਰਮੌਰ ਸ਼ਖਸੀਅਤਾਂ ਵਿੱਚ ਇਟਲੀ ਦੇ ਉਪ-ਪ੍ਰਧਾਨ ਮੰਤਰੀ ਮੈਤਿਓ ਸਾਲਵਿਨੀ ਵੀ ਸ਼ਾਮਲ ਹੋਏ। ਇਨ੍ਹਾਂ ਯਾਦਗਾਰੀ ਪਲਾਂ ਮੌਕੇ ਮਰਹੂਮ ਸਿਲਵੀਓ ਬਰਲੁਸਕੋਨੀ ਦੀ ਧੀ ਮਰੀਨਾ ਬਰਲੁਸਕੋਨੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਹਵਾਈ ਅੱਡੇ ਦਾ ਨਾਮ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ। ਆਪਣੇ ਪਿਤਾ ਬਾਰੇ ਬੋਲਦਿਆਂ ਮਰੀਨਾ ਨੇ ਕਿਹਾ ਕਿ ਉਹ ਇਕ ਬਹੁਤ ਹੀ ਮਿਲਣਸਾਰ ਇਨਸਾਨ ਸਨ, ਜਿਹੜੇ ਕਿ ਸਦਾ ਹੀ ਲੋਕਾਂ ਨੂੰ ਖਿੜੇ ਮੱਥੇ ਮਿਲਦੇ ਸਨ। ਜ਼ਿਕਰਯੋਗ ਹੈ ਕਿ ਇਹ ਨਾਮਕਰਣ ਬਹੁਤ ਹੀ ਜੱਦੋ-ਜਹਿਦ ਤੋਂ ਬਾਅਦ ਸਿਰੇ ਚੜ੍ਹਿਆ ਹੈ ਕਿਉਂਕਿ ਮਰਹੂਮ ਸਿਲਵੀਓ ਬਰਲੁਸਕੋਨੀ ਦੇ ਵਿਰੋਧੀਆਂ ਨੇ ਅੱਡੀਆਂ ਚੁੱਕ ਕੇ ਜ਼ੋਰ ਲਗਾਇਆ ਸੀ ਕਿ ਕਿਸੇ ਵੀ ਹਾਲਤ ਵਿੱਚ ਮਾਲਪੈਂਸਾ ਹਵਾਈ ਅੱਡੇ ਦਾ ਨਾਮ ਬਰਲੁਸਕੋਨੀ ਦੇ ਨਾਮ ਉੱਪਰ ਨਹੀਂ ਹੋਣਾ ਚਾਹੀਦਾ ਪਰ ਅਪ੍ਰੈਲ ਮਹੀਨੇ ਵਿੱਚ ਖੇਤਰੀ ਪ੍ਰਬੰਧਕੀ ਅਦਾਲਤ ਨੇ ਮਿਲਾਨ ਸ਼ਹਿਰ ਅਤੇ ਹਵਾਈ ਅੱਡੇ ਦੇ ਆਲੇ-ਦੁਆਲੇ ਦੀਆਂ ਕਈ ਨਗਰ ਨਗਰਪਾਲਿਕਾਵਾਂ ਦੁਆਰਾ ਦਾਇਰ ਅਪੀਲਾਂ ਨੂੰ ਰੱਦ ਕਰ ਦਿੱਤਾ ਸੀ।

