Power line falls on the marquee! 4 people die tragically
ਪੰਡਾਲ ‘ਤੇ ਡਿੱਗੀ ਬਿਜਲੀ ਦੀ ਤਾਰ ! 4 ਲੋਕਾਂ ਦੀ ਦਰਦਨਾਕ ਮੌਤ
ਮੰਡਲਾ (ਆਵਾਜ਼ਿ ਕੌਮ ਬਿਊਰੋ)-ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹੇ ‘ਚ ਸ਼ਨੀਵਾਰ ਤੜਕੇ ਗਣੇਸ਼ ਪੰਡਾਲ ਦੇ ਅੰਦਰ ਸੌਂ ਰਹੇ ਲੋਕਾਂ ‘ਤੇ ਬਿਜਲੀ ਦਾ ਤਾਰ ਟੁੱਟ ਕੇ ਡਿੱਗਣ ਅਤੇ ਕਰੰਟ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਨੈਨਪੁਰ ਦੇ ਹੀਰਾਪੁਰ ਪਿੰਡ ‘ਚ ਵਾਪਰੀ। ਨੈਨਪੁਰ ਥਾਣਾ ਇੰਚਾਰਜ ਮਨਸ਼ਰਾਮ ਵਾਗੇਨ ਨੇ ਦੱਸਿਆ ਕਿ ਗਣੇਸ਼ ਮੂਰਤੀ ਦੇ ਵਿਸਰਜਨ ਤੋਂ ਬਾਅਦ ਆਯੋਜਨ ਕਮੇਟੀ ਦੇ ਮੈਂਬਰ ਵਾਪਸ ਆਏ ਸਨ। ਇਸ ਤੋਂ ਬਾਅਦ 8 ਨੌਜਵਾਨ ਪੰਡਾਲ ਦੇ ਅੰਦਰ ਸੌਂ ਗਏ। ਸ਼ੁਰੂਆਤੀ ਜਾਂਚ ਅਨੁਸਾਰ, ਉੱਥੇ ਸ਼ਾਰਟ ਸਰਕਿਟ ਹੋਇਆ, ਜਿਸ ਕਾਰਨ ਬਿਜਲੀ ਦਾ ਤਾਰ ਟੁੱਟ ਕੇ ਹੇਠਾਂ ਡਿੱਗ ਗਿਆ। ਸਵੇਰੇ ਕਰੀਬ 5 ਵਜੇ ਬਿਜਲੀ ਸਪਲਾਈ ਮੁੜ ਸ਼ੁਰੂ ਹੋਣ ‘ਤੇ ਤਾਰ ਦੇ ਸੰਪਰਕ ‘ਚ ਆਉਣ ਨਾਲ ਲੋਕਾਂ ਨੂੰ ਕਰੰਟ ਲੱਗ ਗਿਆ। ਵਾਗੇਨ ਨੇ ਦੱਸਿਆ,”ਚਾਰ ਲੋਕਾਂ ਦੀ ਮੌਤ ਹੋ ਗਈ।” ਅਧਿਕਾਰੀ ਅਨੁਸਾਰ, ਮ੍ਰਿਤਕਾਂ ਦੀ ਪਛਾਣ ਜੈਨ ਭਨਵਰੇ (19), ਰਵੀ ਝਰੀਆ (24), ਕ੍ਰਿਸ਼ਨ ਕੁਮਾਰ ਭਨਵਰੇ (18) ਅਤੇ ਵੀਰੇਂਦਰ ਭਨਵਰੇ (24) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ।

