Chandigarh: Major revelation in the Head Constable murder case! Son hatched a plot for his wedding that…
ਚੰਡੀਗੜ੍ਹ: ਹੈੱਡ ਕਾਂਸਟੇਬਲ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ! ਵਿਆਹ ਲਈ ਪੁੱਤ ਨੇ ਰਚੀ ਅਜਿਹੀ ਸਾਜਿਸ਼ ਕਿ…
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਚੰਡੀਗੜ੍ਹ ਦੇ ਸੈਕਟਰ-22 ਸਥਿਤ ਘਰ ‘ਚ ਹੈੱਡ ਕਾਂਸਟੇਬਲ ਨਿਤਿਨ ਦੇ ਹੋਏ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ ਹੋਇਆ ਹੈ। ਪੁਲਸ ਨੇ ਇਸ ਮਾਮਲੇ ਵਿਚ ਨਿਤਿਨ ਦੇ ਇਕਲੌਤੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਵਿਚ ਇਹ ਕਬੂਲ ਕੀਤਾ ਹੈ ਕਿ ਉਸ ਨੇ ਹੀ ਨਿਤਿਨ ਦਾ ਗੋਲ਼ੀ ਮਾਰ ਕੇ ਕਤਲ ਕੀਤਾ ਹੈ। ਮ੍ਰਿਤਕ ਦੀ ਪਛਾਣ ਹੈੱਡ ਕਾਂਸਟੇਬਲ ਨਿਤਿਨ (42) ਵਜੋਂ ਹੋਈ ਸੀ, ਜੋ ਸੈਕਟਰ-9 ਸਥਿਤ ਪੁਲਸ ਹੈੱਡਕੁਆਰਟਰ ਦੀ ਅਕਾਊਂਟ ਬ੍ਰਾਂਚ ’ਚ ਤਾਇਨਾਤ ਸੀ। ਮ੍ਰਿਤਕ ਦੀ ਪਤਨੀ ਲੇਡੀ ਕਾਂਸਟੇਬਲ ਮੋਨਿਕਾ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੌਕੇ ’ਤੇ ਪਹੁੰਚੀ ਤਾਂ ਹੈੱਡ ਕਾਂਸਟੇਬਲ ਨਿਤਿਨ ਬੈੱਡ ’ਤੇ ਖ਼ੂਨ ਨਾਲ ਲਥਪਥ ਪਿਆ ਸੀ। ਪੁਲਸ ਉਸ ਨੂੰ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਲਈ ਫਾਰੈਂਸਿਕ ਮੋਬਾਇਲ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਪੁਲਸ ਨੂੰ ਘਰ ਦੇ ਪਿੱਛੇ ਤੋਂ ਦੇਸੀ ਕੱਟਾ ਵੀ ਬਰਾਮਦ ਹੋਇਆ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਦੀ ਗੋਲ਼ੀ ਲੱਗਣ ਕਾਰਨ ਮੌਤ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਅਰਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਰਮਾਨ ਪੰਚਕੂਲਾ ਦੀ ਰਹਿਣ ਵਾਲੀ ਇਕ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਪਰਿਵਾਰਕ ਮੈਂਬਰ ਰਾਜ਼ੀ ਨਹੀਂ ਸਨ। ਇਸ ਗੱਲ ਤੋਂ ਨਾਰਾਜ਼ ਹੋ ਕੇ ਅਰਮਾਨ ਨੇ ਆਪਣੇ ਪਿਤਾ ਨਿਤਿਨ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਨਿਤਿਨ ਦੇ ਚਚੇਰੇ ਭਰਾ ਦਿਨੇਸ਼ ਨੇ ਕਿਹਾ ਕਿ ਅਰਮਾਨ ਜ਼ੀਰਕਪੁਰ ਦੀ ਇਕ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਪਿਛਲੇ ਐਤਵਾਰ ਨਿਤਿਨ ਨੇ ਅਰਮਾਨ ਦੀ ਮੰਗਣੀ ਕੁੜੀ ਨਾਲ ਕਰਵਾਈ। ਸੂਤਰਾਂ ਮੁਤਾਬਕ ਅਰਮਾਨ ਕੁੜੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਿਹਾ ਸੀ। ਉਹ ਦੋ ਮਹੀਨਿਆਂ ਦੀ ਗਰਭਵਤੀ ਸੀ। ਬੁੱਧਵਾਰ ਰਾਤ ਉਸ ਨੇ ਆਪਣੇ ਪਿਤਾ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਪਰ ਨਿਤਿਨ ਨੇ ਉਸ ਨੂੰ 21 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਵਿਆਹ ਕਰਨ ਲਈ ਕਿਹਾ। ਇਸ ਦੇ ਬਾਅਦ ਅਰਮਾਨ ਨੇ ਪਿਤਾ ਨੂੰ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਮੰਗੇ ਪਰ ਨਿਤਿਨ ਤਿਆਰ ਨਹੀਂ ਹੋਏ। ਇਸ ‘ਚੇ ਦੋਹਾਂ ਵਿਚਾਲੇ ਝਗੜਾ ਹੋ ਗਿਆ। ਹਾਲਾਂਕਿ ਮਾਂ ਦੇ ਵਿਚ ਆਉਣ ਤੋਂ ਬਾਅਦ ਦੋਵੇਂ ਸ਼ਾਂਤ ਹੋਏ ਅਤੇ ਆਪਣੇ-ਆਪਣੇ ਕਮਰੇ ਵਿਚ ਚਲੇ ਗਏ ਪਰ ਅਰਮਾਨ ਦਾ ਗੁੱਸਾ ਸ਼ਾਂਤ ਨਾ ਹੋਇਆ ਅਤੇ ਉਹ ਤੈਸ਼ ਵਿਚ ਆ ਗਿਆ। ਉਸ ਨੇ ਬੀਤੇ ਦਿਨ ਤੜਕੇ ਸੌਂ ਰਹੇ ਪਿਤਾ ਦੇ ਸਿਰ ਵਿਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਅਰਮਾਨ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਜੇਕਰ ਉਸ ਦੇ ਪਿਤਾ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਉਹ ਪਿਤਾ ਦਾ ਕਤਲ ਕਰ ਦੇਵੇਗਾ। ਇਸ ਲਈ ਉਸ ਨੇ ਪਹਿਲਾਂ ਹੀ ਇਕ ਦੇਸੀ ਪਿਸਤੌਲ ਖ਼ਰੀਦ ਲਿਆ ਸੀ। ਕਤਲ ਤੋਂ ਬਾਅਦ ਉਸ ਨੇ ਪੁਲਸ ਨੂੰ ਵੱਖ-ਵੱਖ ਬਿਆਨ ਦੇ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਪੁੱਛਗਿੱਛ ਦੌਰਾਨ ਬਿਆਨਾਂ ਸ਼ੱਕ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਅਰਮਾਨ ਨੂੰ ਸਖ਼ਤੀ ਨਾਲ ਪੁੱਛਿਆ, ਜਿਸ ਤੋਂ ਬਾਅਦ ਉਸ ਨੇ ਕਤਲ ਦੀ ਵਾਰਦਾਤ ਨੂੰ ਕਬੂਲ ਕਰ ਲਿਆ। ਮੋਨਿਕਾ ਨੇ ਪੁਲਸ ਨੂੰ ਦੱਸਿਆ ਕਿ ਸੈਕਟਰ-22 ਸਥਿਤ ਮਕਾਨ ’ਚ ਉਸ ਦੇ ਪਤੀ ਹੈੱਡ ਕਾਂਸਟੇਬਲ ਨਿਤਿਨ ਦਾ ਰਾਤ ਵੇਲੇ ਕਿਸੇ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਹੈ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਐੱਸ. ਪੀ. ਐੱਸ. ਸੋਂਧੀ ਅਤੇ ਸੈਕਟਰ-17 ਥਾਣਾ ਇੰਚਾਰਜ ਸੁਦੇਸ਼ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਸ ਨੂੰ ਕਮਰੇ ’ਚ ਹੈੱਡ ਕਾਂਸਟੇਬਲ ਨਿਤਿਨ ਖ਼ੂਨ ਨਾਲ ਲਥਪਥ ਹਾਲਤ ’ਚ ਮਿਲਿਆ। ਜਾਂਚ ਲਈ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐੱਸ. ਐੱਸ. ਪੀ. ਕੰਵਰਦੀਪ ਕੌਰ ਵੀ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਪੁਲਸ ਨੇ ਘਰ ਦੇ ਪਿੱਛੇ ਤੋਂ ਦੇਸੀ ਕੱਟਾ ਬਰਾਮਦ ਕੀਤਾ। ਪੁਲਸ ਪੁੱਛਗਿੱਛ ਦੌਰਾਨ ਅਰਮਾਨ ਨੇ ਦੱਸਿਆ ਕਿ ਕੋਈ ਵਿਅਕਤੀ ਉਸ ਦੇ ਪਿਤਾ ਨੂੰ ਗੋਲ਼ੀ ਮਾਰ ਕੇ ਭੱਜ ਗਿਆ। ਉਹ ਸਵੇਰੇ ਕਰੀਬ 4 ਵਜੇ ਘਰ ਆਇਆ ਸੀ। ਅਰਮਾਨ ਵਾਰ-ਵਾਰ ਬਿਆਨ ਬਦਲ ਰਿਹਾ ਸੀ। ਪੁਲਸ ਨੂੰ ਸ਼ੱਕ ਹੋਇਆ ਤੇ ਹਿਰਾਸਤ ’ਚ ਲੈ ਕੇ ਥਾਣੇ ਲੈ ਗਈ। ਨਿਤਿਨ ਦੇ ਗੁਆਂਢੀ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਘਰ ’ਚ ਵਿਵਾਦ ਚੱਲ ਰਿਹਾ ਸੀ। ਸ਼ੁੱਕਰਵਾਰ ਸਵੇਰੇ ਵੀ ਘਰ ’ਚ ਝਗੜੇ ਅਤੇ ਰੌਲੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕੁਝ ਦੇਰ ਬਾਅਦ ਗੋਲ਼ੀ ਚੱਲਣ ਦੀ ਆਵਾਜ਼ ਆਈ। ਪੁਲਸ ਗੁਆਂਢੀਆਂ ਤੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। 25 ਫਰਵਰੀ ਦੀ ਰਾਤ ਕਲਾਗ੍ਰਾਮ ਲਾਈਟ ਪੁਆਇੰਟ ’ਤੇ ਅਰਮਾਨ ਨੇ ਤੇਜ਼ ਰਫ਼ਤਾਰ ਥਾਰ ਨਾਲ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਸੀ। ਦੋਵੇਂ ਮੋਟਰਸਾਈਕਲ ਸਵਾਰ ਅਧਿਆਪਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਅਰਮਾਨ ਫ਼ਰਾਰ ਹੋ ਗਿਆ ਸੀ। ਪੁਲਸ ਨੇ ਥਾਰ ਦੇ ਨੰਬਰ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ’ਚ ਉਹ ਜੇਲ੍ਹ ਵੀ ਗਿਆ ਸੀ ਅਤੇ ਫਿਲਹਾਲ ਜ਼ਮਾਨਤ ’ਤੇ ਬਾਹਰ ਸੀ।

