An individual of Indian origin will be the next US President! Ro Khanna’s major statement
ਭਾਰਤੀ ਮੂਲ ਦਾ ਸ਼ਖਸ ਹੋਵੇਗਾ ਅਮਰੀਕਾ ਦਾ ਅਗਲਾ ਰਾਸ਼ਟਰਪਤੀ ! ਰੋ ਖੰਨਾ ਦਾ ਦਾ ਵੱਡਾ ਬਿਆਨ
Washington, (ਆਵਾਜ਼ਿ ਕੌਮ ਬਿਊਰੋ)-ਭਾਰਤੀ-ਅਮਰੀਕੀ ਕਾਂਗਰਸਮੈਨ ਰੋ ਖੰਨਾ ਨੇ ਵੱਡਾ ਬਿਆਨ ਦਿੱਤਾ ਹੈ। ਕਾਂਗਰਸਮੈਨ ਰੋ ਖੰਨਾ ਮੁਤਾਬਕ ਉਨ੍ਹਾਂ ਨੇ 2028 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਦੀ ਸੰਭਾਵਨਾ ਨੂੰ ਖੁੱਲ੍ਹਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਉਨ੍ਹਾਂ ਦੇ ਪਰਿਵਾਰ ਵੱਲੋਂ ਲਿਆ ਜਾਵੇਗਾ, ਪਰ ਉਹ ਅਮਰੀਕਾ ਦੇ ਭਵਿੱਖ ਬਾਰੇ ਹੋਣ ਵਾਲੀ ਬਹਿਸ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਇਰਾਦਾ ਰੱਖਦੇ ਹਨ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰੱਡ ਵੱਲੋਂ ਏਸ਼ੀਆ ਸੋਸਾਇਟੀ ਵਿੱਚ ਚਰਚਾ ਦੌਰਾਨ ਸਿੱਧਾ ਸਵਾਲ ਪੁੱਛੇ ਜਾਣ ‘ਤੇ ਰੋ ਖੰਨਾ ਨੇ ਦੱਸਿਆ ਕਿ ਲਗਭਗ 20 ਡੈਮੋਕ੍ਰੇਟ ਨੇਤਾ ਇਸ ‘ਤੇ ਵਿਚਾਰ ਕਰ ਰਹੇ ਹਨ ਅਤੇ ਸ਼ਾਇਦ 10 ਤੋਂ 12 ਨੇਤਾ ਮੈਦਾਨ ਵਿੱਚ ਉਤਰਨਗੇ। ਖੰਨਾ ਨੇ ਕਿਹਾ ਕਿ ਚਾਹੇ ਉਹ ਖ਼ੁਦ ਚੋਣ ਲੜਨ ਜਾਂ ਕਿਸੇ ਹੋਰ ਉਮੀਦਵਾਰ ਦਾ ਸਮਰਥਨ ਕਰਨ, ਉਹ ਇਸ ਗੱਲਬਾਤ ਵਿੱਚ ਪੂਰੀ ਤਰ੍ਹਾਂ ਸ਼ਾਮਲ ਰਹਿਣਗੇ। ਅਗਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨਵੰਬਰ 2028 ਵਿੱਚ ਹੋਣੀਆਂ ਤੈਅ ਹਨ। ਰੋ ਖੰਨਾ ਨੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਚੋਣ ਲੜਨਾ ਬਹੁਤ ਔਖਾ ਹੁੰਦਾ ਹੈ ਅਤੇ ਉਮੀਦਵਾਰਾਂ ਦੀ ਵੱਡੀ ਭੀੜ ਵਿੱਚ ਜ਼ਿਆਦਾਤਰ ਦੀ ਹਾਰ ਤੈਅ ਹੁੰਦੀ ਹੈ। ਉਨ੍ਹਾਂ 2028 ਦੀ ਚੋਣ ਨੂੰ ਇਸ ਗੱਲ ਦਾ ਫ਼ੈਸਲਾ ਦੱਸਿਆ ਕਿ ਅਮਰੀਕਾ ਇੱਕ ਵਿਭਿੰਨਤਾ ਵਾਲੇ ਸਮਾਜ ਨੂੰ ਅਪਣਾਏਗਾ ਜਾਂ ਅੰਦਰੂਨੀ ਤੌਰ ‘ਤੇ ਸੁੰਗੜ ਜਾਵੇਗਾ। ਉਨ੍ਹਾਂ ਅਨੁਸਾਰ ਡੈਮੋਕ੍ਰੇਟਸ ਨੂੰ ਅਜਿਹੇ ਆਰਥਿਕ ਪ੍ਰੋਗਰਾਮ ਦੀ ਲੋੜ ਹੈ ਜੋ ਉਨ੍ਹਾਂ ਭਾਈਚਾਰਿਆਂ ਤੱਕ ਪਹੁੰਚੇ ,ਜਿਨ੍ਹਾਂ ਦੀਆਂ ਉਦਯੋਗਿਕ ਨੌਕਰੀਆਂ ਖ਼ਤਮ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਆਦਰਸ਼ਾਂ ਦੀ ਦੁਹਾਈ ਦੇਣ ਤੋਂ ਪਹਿਲਾਂ ਵੋਟਰਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਦੀ ਝਲਕ ਦਿਖਣੀ ਚਾਹੀਦੀ ਹੈ। ਰੋ ਖੰਨਾ ਨੇ ਇਸ ਤਰਕ ਨੂੰ ਇਮੀਗ੍ਰੇਸ਼ਨ (ਪ੍ਰਵਾਸ) ਨਾਲ ਜੋੜਦਿਆਂ ਕਿਹਾ ਕਿ ਸਿਆਸਤਦਾਨਾਂ ਨੇ ਫੈਕਟਰੀਆਂ ਬੰਦ ਹੋਣ ਅਤੇ ਨਾਕਾਮ ਆਰਥਿਕ ਨੀਤੀਆਂ ਲਈ ਪ੍ਰਵਾਸੀਆਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਬਿਹਤਰ ਜਵਾਬ ਉਨ੍ਹਾਂ ਖੇਤਰਾਂ ਵਿੱਚ ਨਿਵੇਸ਼ ਅਤੇ ਰੁਜ਼ਗਾਰ ਲਿਆਉਣਾ ਹੈ ਜੋ ਨਵੀਂ ਅਰਥਵਿਵਸਥਾ ਦੇ ਲਾਭਾਂ ਤੋਂ ਵਾਂਝੇ ਮਹਿਸੂਸ ਕਰ ਰਹੇ ਹਨ। ਖੰਨਾ ਨੇ ਕਿਹਾ ਕਿ ਅਮਰੀਕਾ ਦੀ ਤਾਕਤ ਵੱਖ-ਵੱਖ ਇਤਿਹਾਸ ਵਾਲੇ ਲੋਕਾਂ ਨੂੰ ਇੱਕਜੁੱਟ ਕਰਨ ਵਿੱਚ ਹੈ। ਰੋ ਖੰਨਾ ਨੇ ਆਪਣੀ ਸਿਆਸੀ ਸੋਚ ਦੀਆਂ ਭਾਰਤੀ ਜੜ੍ਹਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੀ ਨੂੰ 1930 ਅਤੇ 1940 ਦੇ ਦਹਾਕੇ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਜੇਲ੍ਹ ਭੇਜਿਆ ਗਿਆ ਸੀ। ਇਸ ਪਰਿਵਾਰਕ ਇਤਿਹਾਸ ਨੇ ਉਨ੍ਹਾਂ ਨੂੰ ਸ਼ੁਰੂ ਵਿੱਚ ਹੀ ਇਹ ਸਮਝ ਦਿੱਤੀ ਕਿ ਰਾਜਨੀਤੀ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਸਕਦੀ ਹੈ। ਫਿਲਾਡੇਲਫੀਆ ਵਿੱਚ ਭਾਰਤ ਤੋਂ ਆਏ ਪ੍ਰਵਾਸੀ ਮਾਪਿਆਂ ਦੇ ਘਰ ਜਨਮੇ ਖੰਨਾ ਨੇ ਸ਼ਿਕਾਗੋ ਵਿੱਚ ਵਿਦਿਆਰਥੀ ਹੁੰਦਿਆਂ ਸਟੇਟ ਸੈਨੇਟ ਦੇ ਇੱਕ ਉਮੀਦਵਾਰ ਲਈ ਘਰ-ਘਰ ਪ੍ਰਚਾਰ ਕੀਤਾ ਸੀ, ਜੋ ਬਾਅਦ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਬਣੇ। ਕੈਲੀਫ਼ੋਰਨੀਆ ਦੇ ਉਸ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਖੰਨਾ, ਜਿਸ ਵਿੱਚ ਸਿਲੀਕਾਨ ਵੈਲੀ ਦਾ ਹਿੱਸਾ ਵੀ ਸ਼ਾਮਲ ਹੈ, ਨੇ ਇਹ ਟਿੱਪਣੀਆਂ ਤਕਨਾਲੋਜੀ, ਅਮਰੀਕਾ-ਚੀਨ ਸਬੰਧਾਂ, ਪ੍ਰਵਾਸ ਅਤੇ ਅਮਰੀਕੀ ਵਿਦੇਸ਼ ਨੀਤੀ ‘ਤੇ ਹੋਈ ਚਰਚਾ ਦੌਰਾਨ ਕੀਤੀਆਂ। ਕੇਵਿਨ ਰੱਡ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਪੂਰੇ ਅਮਰੀਕਾ ਵਿੱਚ ਆਰਥਿਕ ਅਵਸਰਾਂ, ਆਰਟੀਫਿਸ਼ੀਅਲ ਇੰਟੈਲੀਜੈਂਸ (AI) ਬਾਰੇ ਫ਼ੈਸਲਿਆਂ ਵਿੱਚ ਮਜ਼ਦੂਰਾਂ ਦੀ ਬਿਹਤਰ ਭੂਮਿਕਾ ਅਤੇ ਹੋਰ ਦੇਸ਼ਾਂ ਦਾ ਭਰੋਸਾ ਜਿੱਤਣ ਵਾਲੀ ਵਿਦੇਸ਼ ਨੀਤੀ ਦੀ ਵਕਾਲਤ ਕੀਤੀ।

