Major development in Nepal: Former Supreme Court Chief Justice arrested; Crime Branch picked him up from his home
ਨੇਪਾਲ ‘ਚ ਵੱਡਾ ਧਮਾਕਾ: ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਗ੍ਰਿਫ਼ਤਾਰ, ਕ੍ਰਾਈਮ ਬ੍ਰਾਂਚ ਨੇ ਘਰੋਂ ਚੁੱਕਿਆ
ਕਾਠਮਾਂਡੂ (ਆਵਾਜ਼ਿ ਕੌਮ ਬਿਊਰੋ)- ਨੇਪਾਲ ਦੀ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਚੋਲੇਂਦਰ ਸ਼ਮਸ਼ੇਰ ਜੰਗ ਬਹਾਦੁਰ ਰਾਣਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਾਠਮਾਂਡੂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਐਤਵਾਰ ਸਵੇਰੇ ਮਹਾਰਾਜਗੰਜ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ। ਪੁਲਸ ਅਨੁਸਾਰ ਸਾਬਕਾ ਚੀਫ਼ ਜਸਟਿਸ ਰਾਣਾ ਦੇ ਖ਼ਿਲਾਫ਼ ਕਾਠਮਾਂਡੂ ਕ੍ਰਾਈਮ ਬ੍ਰਾਂਚ ਵਿੱਚ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ। ਹਾਲਾਂਕਿ, ਪੁਲਸ ਨੇ ਅਜੇ ਤੱਕ ਗ੍ਰਿਫ਼ਤਾਰੀ ਦੇ ਪਿੱਛੇ ਦੇ ਮੁੱਖ ਕਾਰਨਾਂ ਅਤੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦਾ ਵੇਰਵਾ ਜਨਤਕ ਨਹੀਂ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਰੂਰੀ ਜਾਂਚ ਅਤੇ ਪੁੱਛਗਿੱਛ ਲਈ ਲਿਆਂਦਾ ਗਿਆ ਹੈ ਅਤੇ ਜਲਦ ਹੀ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇਗੀ। ਚੋਲੇਂਦਰ ਸ਼ਮਸ਼ੇਰ 2 ਜਨਵਰੀ 2019 ਨੂੰ ਨੇਪਾਲ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬਣੇ ਸਨ। 13 ਫਰਵਰੀ 2022 ਨੂੰ ਸੰਸਦ ਵਿੱਚ ਉਨ੍ਹਾਂ ਖ਼ਿਲਾਫ਼ ਮਹਾਦੋਸ਼ (Impeachment) ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਸੰਵਿਧਾਨਕ ਨਿਯਮਾਂ ਤਹਿਤ ਉਹ ਆਪਣੇ ਆਪ ਮੁਅੱਤਲ ਹੋ ਗਏ ਸਨ। ਲੰਬੇ ਸਮੇਂ ਤੱਕ ਚੱਲੇ ਇਸ ਮਾਮਲੇ ਤੋਂ ਬਾਅਦ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਮਹਾਦੋਸ਼ ਦੀ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਉਨ੍ਹਾਂ ਦੀ ਪੈਨਸ਼ਨ ਅਤੇ ਸੇਵਾਮੁਕਤੀ ਤੋਂ ਬਾਅਦ ਮਿਲਣ ਵਾਲੇ ਸਾਰੇ ਫੰਡ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਆਪਣੇ ਕਾਰਜਕਾਲ ਦੌਰਾਨ ਸਾਬਕਾ ਚੀਫ਼ ਜਸਟਿਸ ਰਾਣਾ ਦੀ ਅਗਵਾਈ ਵਾਲੀ ਸੰਵਿਧਾਨਕ ਬੈਂਚ ਨੇ ਤਤਕਾਲੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਵੱਲੋਂ ਸੰਸਦ ਭੰਗ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਬੈਂਚ ਨੇ ਨੇਪਾਲੀ ਕਾਂਗਰਸ ਅਤੇ ਮਾਓਵਾਦੀ ਗਠਜੋੜ ਦੇ ਨੇਤਾ ਸ਼ੇਰ ਬਹਾਦਰ ਦੇਉਬਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਹੁਕਮ ਦਿੱਤਾ ਸੀ।

