Akali Dal expelled Joint Secretary Roop Kaur Sandhu from the party
ਅਕਾਲੀ ਦਲ ਨੇ ਜੁਆਇੰਟ ਸਕੱਤਰ ਰੂਪ ਕੌਰ ਸੰਧੂ ਨੂੰ ਪਾਰਟੀ ‘ਚੋਂ ਕੱਢਿਆ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜੁਆਇੰਟ ਸਕੱਤਰ ਰੂਪ ਕੌਰ ਸੰਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਹੈ। ਇਹ ਕਾਰਵਾਈ ਰੂਪ ਕੌਰ ਸੰਧੂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਮਾਮਲੇ ਵਰਗੇ ਹੋਰ ਵੀ ਕਈ ਮਾਮਲਿਆਂ ਬਾਰੇ ਕੀਤੇ ਦਾਅਵੇ ਤੋਂ ਬਾਅਦ ਅਮਲ ‘ਚ ਲਿਆਂਦੀ ਗਈ ਹੈ। ਇਸ ਬਾਰੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਹਰਗੋਬਿੰਦ ਕੌਰ ਵਲੋਂ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੂਪ ਕੌਰ ਨੂੰ ਵਾਰ-ਵਾਰ ਅਨੁਸ਼ਾਸਨਹੀਣਤਾ ਕਰਨ ਅਤੇ ਗਲਤ ਆਚਰਣ ਦੇ ਦੋਸ਼ਾਂ ਤਹਿਤ ਪਾਰਟੀ ‘ਚੋਂ ਬਾਹਰ ਦਾ ਰਾਹ ਦਿਖਾਇਆ ਗਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਬਕਾਇਦ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਗਿਆ ਹੈ। ਦੱਸਣਯੋਗ ਹੈ ਕਿ ਰੂਪ ਕੌਰ ਨੇ 19 ਸਤੰਬਰ ਨੂੰ ਬਹਿਰੀਨ ਤੋਂ ਆਈ ਔਰਤ ਨੂੰ ਕੈਮਰੇ ਸਾਹਮਣੇ ਲਿਆ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ‘ਚ ਹੋਈ ਘਟਨਾ ਸਬੰਧੀ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਐੱਫ. ਆਈ. ਆਰ. ‘ਚ ਲਾਏ ਦੋਸ਼ਾਂ ਨੂੰ ਦੁਹਰਾਇਆ ਸੀ। ਰੂਪ ਕੌਰ ਨੇ ਕਿਹਾ ਸੀ ਕਿ ਬਹਿਰੀਨ ਦੀ ਔਰਤ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਕਈ ਹੋਰ ਔਰਤਾਂ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਰੂਪ ਕੌਰ ਨੇ ਦਾਅਵਾ ਕੀਤਾ ਕਿ ਔਰਤਾਂ ਨੇ ਅਜਿਹੇ ਨਾਮਵਰ ਵਿਅਕਤੀਆਂ ਦੇ ਨਾਂ ਲਏ ਹਨ, ਜਿਨ੍ਹਾਂ ਨੇ ਪੰਜਾਬ ਅਤੇ ਵਿਦੇਸ਼ਾਂ ‘ਚ ਧਾਰਮਿਕ ਅਤੇ ਸਿਆਸੀ ਹਲਕਿਆਂ ‘ਚ ਆਪਣੀ ਚੰਗੀ ਪੈਠ ਬਣਾਈ ਹੋਈ ਹੈ।

