Bhullar bribery case: Airtel officer submits records in court
ਭੁੱਲਰ ਰਿਸ਼ਵਤ ਮਾਮਲਾ : ਏਅਰਟੈੱਲ ਅਫ਼ਸਰ ਨੇ ਅਦਾਲਤ ’ਚ ਜਮ੍ਹਾਂ ਕਰਵਾਇਆ ਰਿਕਾਰਡ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ਪੁਲਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਮਾਮਲੇ ਦੀ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ ’ਚ ਸੁਣਵਾਈ ਹੋਈ। ਏਅਰਟੈੱਲ ਦੇ ਨੋਡਲ ਅਫ਼ਸਰ ਨੇ ਰਿਕਾਰਡ ਦੀਆਂ ਕਾਪੀਆਂ ਅਦਾਲਤ ਨੂੰ ਸੌਂਪ ਦਿੱਤੀਆਂ। ਪਿਛਲੀ ਗਵਾਹੀ ’ਚ ਇਸਤਗਾਸਾ ਧਿਰ ਦੇ ਗਵਾਹ ਆਕਾਸ਼ ਬੱਤਾ ਦੀ ਅੰਸ਼ਿਕ ਗਵਾਹੀ ਦਰਜ ਕੀਤੀ ਗਈ ਸੀ। ਪੁੱਤਰ ਦੇ ਜਨਮਦਿਨ ਦੀਆਂ ਤਿਆਰੀਆਂ ’ਚ ਸ਼ਾਮਲ ਹੋਣ ਲਈ ਉਨ੍ਹਾਂ ਪਿੰਡ ਜਾਣ ਲਈ ਬੇਨਤੀ ਕੀਤੀ, ਜਿਸ ਨੂੰ ਮਨਜ਼ੂਰ ਕਰਦਿਆਂ ਅਦਾਲਤ ਨੇ ਅਗਲੀ ਗਵਾਹੀ 1 ਅਤੇ 5 ਅਕਤੂਬਰ ਲਈ ਤੈਅ ਕਰ ਦਿੱਤੀ ਹੈ। ਮੁਲਜ਼ਮ ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਦੇ ਮਾਮਲੇ ’ਚ ਮੰਡੀ ਗੋਬਿੰਦਗੜ੍ਹ ਥਾਣੇ ਦੇ ਤਤਕਾਲੀ ਐੱਸ. ਐੱਚ. ਓ. ਇੰਸਪੈਕਟਰ ਸੰਦੀਪ ਸਿੰਘ ਵੀ ਅਦਾਲਤ ’ਚ ਪੇਸ਼ ਹੋਏ ਅਤੇ ਸੀਲਬੰਦ ਲਿਫ਼ਾਫ਼ੇ ’ਚ ਫ਼ਤਹਿਗੜ੍ਹ ਸਾਹਿਬ ਦਫ਼ਤਰ ਦਾ ਪੱਤਰ ਸੌਂਪਿਆ। ਪੱਤਰ ’ਚ ਜਾਣਕਾਰੀ ਦਿੱਤੀ ਗਈ ਕਿ 7 ਅਤੇ 8 ਨਵੰਬਰ 2025 ਦੀ ਮੰਗੀ ਗਈ ਸੀ. ਸੀ. ਟੀ. ਵੀ. ਫੁਟੇਜ ਡੀ. ਵੀ. ਆਰ. ਹਾਰਡ ਡਿਸਕ ਵਿਚ ਉਪਲੱਬਧ ਨਹੀਂ ਹੈ ਕਿਉਂਕਿ ਇਸ ’ਚ ਸਿਰਫ਼ 10 ਤੋਂ 15 ਦਿਨਾਂ ਦਾ ਬੈਕਅੱਪ ਰਹਿੰਦਾ ਹੈ। ਅਦਾਲਤ ਦੇ 6 ਫਰਵਰੀ ਦੇ ਹੁਕਮ ਤੱਕ ਪੁਰਾਣਾ ਡਾਟਾ ਓਵਰਰਾਈਟ ਹੋ ਚੁੱਕਾ ਸੀ। ਦੋਵੇਂ ਮੁਲਜ਼ਮਾਂ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ। ਈ. ਡੀ. ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ 1 ਅਕਤੂਬਰ ਨੂੰ ਮੁਲਜ਼ਮ ਕ੍ਰਿਸ਼ਨੂ ਸ਼ਾਰਦਾ ਨੂੰ ਮਾਡਲ ਜੇਲ੍ਹ, ਚੰਡੀਗੜ੍ਹ ਤੋਂ ਨਿੱਜੀ ਤੌਰ ’ਤੇ ਅਦਾਲਤ ’ਚ ਪੇਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਹੈ।

