Major revelation in the LPU case! Police secure the most crucial piece of evidence
LPU ਮਾਮਲੇ ‘ਚ ਵੱਡਾ ਖ਼ੁਲਾਸਾ! ਪੁਲਸ ਦੇ ਹੱਥ ਲੱਗਿਆ ਸਭ ਤੋਂ ਅਹਿਮ ਸਬੂਤ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿਚ ਹੋਏ ਹੰਗਾਮੇ ਦੇ ਮਾਮਲੇ ਦੀ ਮੁੱਢਲੀ ਜਾਂਚ ਵਿਚ ਪੁਲਸ ਹੱਥ ਹੁਣ ਤਕ ਦਾ ਸਭ ਤੋਂ ਅਹਿਮ ਸਬੂਤ ਲੱਗਿਆ ਹੈ। ਜਾਂਚ ਦੌਰਾਨ ਪੁਲਸ ਹੱਥ ਇਕ ਮੈਸੇਜ ਲੱਗਿਆ ਹੈ, ਜੋ ਯੂਨੀਵਰਸਿਟੀ ਵਿਚ ਹੋਈ ਭੰਨ੍ਹਤੋੜ ਤੇ ਅੱਗਜ਼ਨੀ ਤੋਂ ਤਕਰੀਬਨ 5 ਦਿਨ ਪਹਿਲਾਂ ਇੰਟਰਨੈੱਟ ਰਾਹੀਂ ਵਾਇਰਲ ਕੀਤਾ ਗਿਆ ਸੀ। ਇਹ ਸੋਸ਼ਲ ਮੀਡੀਆ ਪਲੇਟਫ਼ਾਰਮ ‘ਰੈਡਿਟ’ ਜ਼ਰੀਏ ਯੂਨੀਵਰਸਿਟੀ ਦੇ ਇਕ ਗਰਲਜ਼ ਹਾਸਟਲ ਵਿਚ ਪਹੁੰਚਿਆ ਸੀ। ਇੱਥੋਂ ਹੀ ਇਸ ਮੈਸੇਜ ਨੂੰ ਪੂਰੇ ਕੈਂਪਸ ਵਿਚ ਪ੍ਰਸਾਰਿਤ ਕੀਤਾ ਗਿਆ। ਉਸ ਵੇਲੇ ਵਿਦਿਆਰਥੀਆਂ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਪੁਲਸ ਹੁਣ ਇਹ ਪਤਾ ਲਗਾਉਣ ਵਿਚ ਜੁਟੀ ਹੈ ਕਿ 5 ਦਿਨ ਬਾਅਦ ਸ਼ਨੀਵਾਰ ਕੀ ਹੋਇਆ ਕਿ ਦੇਰ ਰਾਤ ਵਿਦਿਆਰਥੀ ਇੰਨੇ ਭੜਕ ਉੱਠੇ ਕਿ ਭੰਨ੍ਹਤੋੜ ਦੇ ਨਾਲ-ਨਾਲ ਵਾਹਨਾਂ ਨੂੰ ਅੱਗ ਲਗਾ ਦਿੱਤੀ। ਰੈਡਿਟ ਇੰਟਰਨੈੱਟ ਮੀਡੀਆ ਪਲੇਟਫ਼ਾਰਮ ਹੈ, ਜਿੱਥੇ ਲੋਕ ਆਪਸ ਵਿਚ ਗੱਲਬਾਤ ਕਰਦੇ ਹਨ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਇਹ ਗੱਲ ਮੰਨੀ ਹੈ ਕਿ ਮੈਸੇਜ ਵਿਦਿਆਰਥਣਾਂ ਦੇ ਹਾਸਟਲ ਤੋਂ ਹੀ ਪ੍ਰਸਾਰਿਤ ਹੋਇਆ ਸੀ। ਮੈਸੇਜ ਵਿਚ ਇਕ ਵਿਦਿਆਰਥਣ ਨਾਲ ਹੋਸਟਲ ਵਿਚ ਜਬਰ ਜ਼ਿਨਾਹ ਤੇ ਦੋ ਦਿਨ ਬਾਅਦ ਉਸ ਵੱਲੋਂ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਗਈ ਸੀ। ਸਾਈਬਰ ਸੈੱਲ ਮੈਸੇਜ ਨੂੰ ਹੋਸਟਲ ਵਿਚ ਪਹੁੰਚਾਉਣ ਵਾਲੇ ਆਈ. ਪੀ. ਅਡ੍ਰੈੱਸ ਦਾ ਪਤਾ ਲਗਾਉਣ ਵਿਚ ਜੁਟੀ ਹੈ। ਦੱਸ ਦਈਏ ਕਿ ਇਸ ਪੋਸਟ ਵਿਚ ਕੀਤੇ ਗਏ ਦਾਅਵਿਆਂ ਤੋਂ ਭੜਕੇ ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਰੋਕਿਆ ਤੇ ਕੈਂਪਸ ਵਿਚ ਕਾਫ਼ੀ ਭੰਨਤੋੜ ਕੀਤੀ। ਇੱਥੋਂ ਤਕ ਕਿ ਪੁਲਸ ਦੀਆਂ ਗੱਡੀਆਂ ਨੂੰ ਵੀ ਅੱਗ ਲਗਾਈ ਗਈ ਤੇ ਉਨ੍ਹਾਂ ‘ਤੇ ਪਥਰਾਅ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਦੂਜੇ ਪਾਸੇ ਯੂਨੀਵਰਸਿਟੀ ਨੇ ਵਿਦਿਆਰਥਣ ਨਾਲ ਜਬਰ ਜ਼ਿਨਾਹ ਜਾਂ ਖ਼ੁਦਕੁਸ਼ੀ ਦੇ ਦਾਅਵਿਆਂ ਨੂੰ ਅਫ਼ਵਾਹ ਦੱਸਦਿਆਂ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਫ਼ਿਲਹਾਲ ਪੁਲਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਤੇ ਇਕ ਐੱਸ. ਆਈ. ਟੀ. ਦਾ ਗਠਨ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

