Wedding celebrations turn to tragedy! Electrocution in the wedding tent claims three lives, including the groom’s brother
ਵਿਆਹ ਦੀਆਂ ਖ਼ੁਸ਼ੀਆਂ ਵਿਚਾਲੇ ਵਿਛ ਗਏ ਸੱਥਰ ! ਟੈਂਟ ‘ਚ ਆ ਗਿਆ ਕਰੰਟ, ਲਾੜੇ ਦੇ ਭਰਾ ਸਣੇ 3 ਦੀ ਦਰਦਨਾਕ ਮੌਤ
ਮਊ (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਦੱਖਣ ਟੋਲਾ ਖੇਤਰ ‘ਚ ਸੋਮਵਾਰ ਨੂੰ ਇਕ ਵਿਆਹ ਸਮਾਰੋਹ ਲਈ ਟੈਂਟ ਲਗਾਉਂਦੇ ਸਮੇਂ ਕਰੰਟ ਲੱਗਣ ਨਾਲ ਲਾੜੇ ਦੇ ਛੋਟੇ ਭਰਾ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਦੱਖਣ ਟੋਲਾ ਥਾਣਾ ਖੇਤਰ ਦੇ ਡੋਮਨਪੁਰਾ ਇਸਲਾਮਾਬਾਦ ਮੁਹੱਲੇ ‘ਚ ਸੋਮਵਾਰ ਨੂੰ ਵਲੀਮੇ ਦੀ ਦਾਵਤ ਲਈ ਟੈਂਟ ਲਗਾਉਂਦੇ ਸਮੇਂ 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਲਾਈਨ ਦੇ ਕਰੰਟ ਦੀ ਲਪੇਟ ‘ਚ ਆਉਣ ਨਾਲ ਟੈਂਟ ਕਰਮਚਾਰੀ ਕਾਮਿਲ (25), ਇਰਫਾਨ (28) ਅਤੇ ਲਾੜੇ ਦੇ ਛੋਟੇ ਭਰਾ ਮਹਿਮੂਦ (18) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦੇਸ ‘ਚ 2 ਹੋਰ ਲੋਕ ਵੀ ਕਰੰਟ ਲੱਗਣ ਨਾਲ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਜ਼ਿਲ੍ਹਾ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ। ਖੇਤਰ ਅਧਿਕਾਰੀ ਨਗਰ ਨਿਤੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਬੁਲ ਹਸਨ ਦੇ ਘਰ ‘ਚ ਵੱਡੇ ਬੇਟੇ ਦੇ ਨਿਕਾਹ ਦੀ ਰਸਮ ਸੋਮਵਾਰ ਸਵੇਰੇ ਇਸਲਾਮਾਬਾਦ ਸਥਿਤ ਮਸਜਿਦ ‘ਚ ਸੰਪੰਨ ਹੋਈ ਸੀ ਅਤੇ ਮੰਗਲਵਾਰ ਨੂੰ ਦਾਵਤ-ਏ-ਵਲੀਮਾ ਦਾ ਪ੍ਰੋਗਰਾਮ ਤੈਅ ਸੀ। ਇਸ ਨੂੰ ਲੈ ਕੇ ਘਰ ‘ਤੇ ਟੈਂਟ, ਸ਼ਾਮਿਆਨਾ ਅਤੇ ਖਾਣ-ਪੀਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਕਿ ਉਦੋਂ ਛੱਤ ‘ਤੇ ਟੈਂਟ ਲਗਾਉਂਦੇ ਸਮੇਂ ਇਹ ਲੋਕ ਲੋਹੇ ਦੀ ਪਾਈਪ ਕੋਲੋਂ ਲੰਘ ਰਹੀ 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਬਿਜਲੀ ਦੀ ਲਾਈਨ ਦੇ ਸੰਪਰਕ ‘ਚ ਆ ਗਏ। ਉਨ੍ਹਾਂ ਦੱਸਿਆ ਕਿ ਕਰੰਟ ਦੀ ਲਪੇਟ ‘ਚ ਕਾਮਿਲ, ਇਰਫਾਨ ਅਤੇ ਲਾੜੇ ਦਾ ਛੋਟਾ ਭਰਾ ਮਹਿਮੂਦ ਆ ਗਏ। ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਕ ਚਿਹਾੜਾ ਪੈ ਗਿਆ ਅਤੇ ਸੂਚਨਾ ਮਿਲਦੇ ਹੀ ਬਿਜਲੀ ਸਪਲਾਈ ਬੰਦ ਕਰਵਾਈ ਗਈ ਅਤੇ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

