170 swine flu cases at PGI Chandigarh; highest number (68) from Punjab; need for caution
ਚੰਡੀਗੜ੍ਹ PGI ‘ਚ ਸਵਾਈਨ ਫਲੂ ਦੇ 170 ਕੇਸ, ਸਭ ਤੋਂ ਵੱਧ 68 ਕੇਸ ਪੰਜਾਬ ਤੋਂ, ਸਾਵਧਾਨ ਰਹਿਣ ਦੀ ਲੋੜ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਮੌਸਮ ‘ਚ ਆ ਰਹੀ ਤਬਦੀਲੀ ਦੇ ਨਾਲ ਫਲੂ ਦੇ ਮਾਮਲੇ ਵੀ ਵੱਧਣ ਲੱਗੇ ਹਨ। ਪੀ. ਜੀ. ਆਈ. ਚੰਡੀਗੜ੍ਹ ‘ਚ ਇਸ ਸਾਲ ਜਨਵਰੀ ਤੋਂ 26 ਅਗਸਤ ਤੱਕ ਇਨਫਲੂਐਂਜ਼ਾ ਦੇ 170 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਲਗਭਗ ਅੱਧੇ ਮਾਮਲੇ ਅਗਸਤ ਮਹੀਨੇ ਦੌਰਾਨ ਹੀ ਦਰਜ ਕੀਤੇ ਗਏ ਹਨ। ਪੀ. ਜੀ. .ਦੇ ਅੰਕੜਿਆਂ ਮੁਤਾਬਕ ਫਲੂ ਦੀ ਲਪੇਟ ‘ਚ ਆਉਣ ਵਾਲਿਆਂ ‘ਚ 36 ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਹੈ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਕੁੱਲ 170 ਮਰੀਜ਼ਾਂ ‘ਚ 83 ਪੁਰਸ਼ ਅਤੇ 87 ਔਰਤਾਂ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ 68 ਮਰੀਜ਼ ਪੰਜਾਬ ਤੋਂ ਪੀ. ਜੀ. ਆਈ. ਪਹੁੰਚੇ। ਇਸ ਤੋਂ ਬਾਅਦ ਹਰਿਆਣਾ ਤੋਂ 34, ਚੰਡੀਗੜ੍ਹ ਤੋਂ 28 ਅਤੇ ਹਿਮਾਚਲ ਪ੍ਰਦੇਸ਼ ਤੋਂ 20 ਮਰੀਜ਼ ਦਰਜ ਕੀਤੇ ਗਏ। ਉੱਤਰ ਪ੍ਰਦੇਸ਼ ਤੋਂ ਵੀ 10 ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ ਹੋਰ ਸੂਬਿਆਂ ਤੋਂ ਵੀ ਮਰੀਜ਼ ਇਲਾਜ ਲਈ ਪੀ. ਜੀ. ਆਈ. ਆਏ। ਪੀ. ਜੀ. ਆਈ. ‘ਚ ਦਰਜ ਮਾਮਲਿਆਂ ‘ਚ 134 ਬਾਲਗ ਅਤੇ 36 ਬੱਚੇ ਸ਼ਾਮਲ ਹਨ। ਇਸ ਤੋਂ ਸਪੱਸ਼ਟ ਹੈ ਕਿ ਬਦਲਦੇ ਮੌਸਮ ਦੌਰਾਨ ਬੱਚਿਆਂ ਨੂੰ ਵੀ ਫਲੂ ਤੋਂ ਬਚਾਉਣ ਲਈ ਵਧੇਰੇ ਸਾਵਧਾਨੀ ਦੀ ਲੋੜ ਹੈ। ਖ਼ਾਸ ਕਰਕੇ ਸਕੂਲ ਜਾਣ ਵਾਲੇ ਬੱਚਿਆਂ ‘ਚ ਜੇਕਰ ਲਗਾਤਾਰ ਬੁਖ਼ਾਰ, ਖਾਂਸੀ ਜਾਂ ਗਲੇ ਵਿੱਚ ਦਰਦ ਵਰਗੇ ਲੱਛਣ ਦਿਖਾਈ ਦੇਣ ਤਾਂ ਇਸ ਨੂੰ ਆਮ ਮੌਸਮੀ ਬੁਖਾਰ ਸਮਝ ਕੇ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ। ਫਲੂ ਵਿੱਚ ਆਮ ਤੌਰ ’ਤੇ ਬੁਖਾਰ, ਖਾਂਸੀ, ਗਲੇ ਵਿੱਚ ਦਰਦ, ਨੱਕ ਵਗਣਾ ਜਾਂ ਬੰਦ ਹੋਣਾ, ਸਿਰ ਦਰਦ ਅਤੇ ਸਰੀਰ ਵਿੱਚ ਦਰਦ ਵਰਗੇ ਲੱਛਣ ਦੇਖਣ ਨੂੰ ਮਿਲਦੇ ਹਨ। ਕੁਝ ਮਰੀਜ਼ਾਂ ਵਿੱਚ ਸਾਹ ਲੈਣ ਵਿੱਚ ਤਕਲੀਫ਼ ਵੀ ਹੋ ਸਕਦੀ ਹੈ। ਲੱਛਣ ਤੇਜ਼ ਹੋਣ ਜਾਂ ਕਈ ਦਿਨਾਂ ਤੱਕ ਬਣੇ ਰਹਿਣ ’ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਮੌਸਮੀ ਇੰਫੈਕਸ਼ਨ ਤੋਂ ਬਚਣ ਲਈ ਹੱਥਾਂ ਦੀ ਸਫਾਈ ਦਾ ਧਿਆਨ ਰੱਖਣਾ, ਖਾਂਸੀ ਜਾਂ ਛਿੱਕ ਆਉਣ ਸਮੇਂ ਮੂੰਹ-ਨੱਕ ਢੱਕਣਾ ਅਤੇ ਬਿਮਾਰ ਹੋਣ ਦੀ ਸਥਿਤੀ ਵਿੱਚ ਦੂਜਿਆਂ ਦੇ ਸੰਪਰਕ ਤੋਂ ਬਚਣਾ ਅਹਿਮ ਹੈ।

