Preparations underway to rename roads named after Marx and Lenin in Kolkata!
ਕੋਲਕਾਤਾ ’ਚ ਮਾਰਕਸ-ਲੈਨਿਨ ਦੇ ਨਾਂ ਵਾਲੀਆਂ ਸੜਕਾਂ ਦੇ ਨਾਂ ਬਦਲਣ ਦੀ ਤਿਆਰੀ!
ਕੋਲਕਾਤਾ (ਆਵਾਜ਼ਿ ਕੌਮ ਬਿਊਰੋ)- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ’ਚ ਲੰਬੇ ਸਮੇਂ ਤੋਂ ਰਾਜਨੀਤਕ ਅਤੇ ਵਿਚਾਰਿਕ ਪਛਾਣ ਨਾਲ ਜੁੜੀਆਂ ਕੁਝ ਸੜਕਾਂ ਦੇ ਨਾਂ ਬਦਲਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸੂਬਾ ਸਰਕਾਰ ਵੱਲੋਂ ਗਠਿਤ 10 ਮੈਂਬਰੀ ਕਮੇਟੀ ਲੈਨਿਨ ਸਰਣੀ, ਕਾਰਲ ਮਾਰਕਸ ਸਰਣੀ ਅਤੇ ਹੋ ਚੀ ਮਿਨਹ ਸਰਣੀ ਸਮੇਤ ਕਈ ਪ੍ਰਮੁੱਖ ਸੜਕਾਂ ਦੇ ਨਾਂ ਬਦਲਣ ਦੇ ਪ੍ਰਸਤਾਵਾਂ ’ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਅਜੇ ਕਿਸੇ ਨਾਂ ਨੂੰ ਅੰਤਿਮ ਮਨਜ਼ੂਰੀ ਨਹੀਂ ਮਿਲੀ ਹੈ ਅਤੇ ਨਾਂ ਹੀ ਮੌਜੂਦਾ ਸਾਈਨ ਬੋਰਡ ਬਦਲੇ ਗਏ ਹਨ। ਕਮੇਟੀ ਦੇ ਸਾਹਮਣੇ ਲੈਨਿਨ ਸਰਣੀ ਦਾ ਨਾਂ ਗਣਿਤ ਸ਼ਾਸਤਰੀ ਅਤੇ ਭਾਰਤੀ ਜਨਸੰਘ ਦੇ ਸਾਬਕਾ ਪ੍ਰਧਾਨ ਦੇਬਾਪ੍ਰਸਾਦ ਘੋਸ਼ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ ਹੈ। ਕਾਰਲ ਮਾਰਕਸ ਸਰਣੀ ਲਈ ਬੰਗਾਲੀ ਸਾਹਿਤਕਾਰ ਮਾਈਕਲ ਮਧੂਸੂਦਨ ਦੱਤ ਜਾਂ ਰੰਗਲਾਲ ਬੰਦੋਪਾਧਿਆਏ ਦੇ ਨਾਂ ਸੁਝਾਏ ਗਏ ਹਨ। ਉੱਥੇ ਹੀ ਹੋ ਚੀ ਮਿਨਹ ਸਰਣੀ ਲਈ ਅਮਰੀਕੀ ਨਾਗਰਿਕ ਅਧਿਕਾਰ ਨੇਤਾ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਨਾਂ ਦਾ ਪ੍ਰਸਤਾਵ ਸਾਹਮਣੇ ਆਇਆ ਹੈ। 10 ਮੈਂਬਰੀ ਕਮੇਟੀ ਦੀ ਅਗਵਾਈ ਭਾਰਤ ਸੇਵਾਸ਼ਰਮ ਸੰਘ ਦੇ ਸਵਾਮੀ ਪ੍ਰਦੀਪਤਾਨੰਦ ਉਰਫ਼ ਕਾਰਤਿਕ ਮਹਾਰਾਜ ਕਰ ਰਹੇ ਹਨ। ਇਸ ਵਿਚ ਮੇਘਾਲਿਆ ਦੇ ਸਾਬਕਾ ਰਾਜਪਾਲ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤਥਾਗਤ ਰੌਏ, ਮੁੱਖ ਮੰਤਰੀ ਦੇ ਸਲਾਹਕਾਰ ਸੁਬਰਤ ਗੁਪਤਾ ਅਤੇ ਕੋਲਕਾਤਾ ਨਗਰ ਨਿਗਮ ਦੀ ਕਮਿਸ਼ਨਰ ਸਮਿਤਾ ਪਾਂਡੇ ਸਮੇਤ ਹੋਰ ਅਧਿਕਾਰੀ ਸ਼ਾਮਲ ਹਨ। ਕਮੇਟੀ ਨੇ ਸੜਕਾਂ, ਪੁਲਾਂ ਅਤੇ ਜਨਤਕ ਸਥਾਨਾਂ ਦੇ ਨਾਵਾਂ ’ਤੇ ਸੁਝਾਵਾਂ ਦੀ ਸਮੀਖਿਆ ਕਰਨੀ ਹੈ। ਕੋਲਕਾਤਾ ’ਚ ਸੜਕਾਂ ਦੇ ਨਾਂ ਬਦਲਣ ਦੀ ਪ੍ਰਕਿਰਿਆ ਨਵੀਂ ਨਹੀਂ ਹੈ। ਧਰਮਤਲਾ ਸਟ੍ਰੀਟ ਦਾ ਨਾਂ 1970 ’ਚ ਲੈਨਿਨ ਸਰਣੀ ਅਤੇ ਸਰਕੂਲਰ ਗਾਰਡਨ ਰੀਚ ਰੋਡ ਦਾ ਨਾਂ ਅਗਲੇ ਸਾਲ ਕਾਰਲ ਮਾਰਕਸ ਸਰਣੀ ਕੀਤਾ ਗਿਆ ਸੀ। ਹੋ ਚੀ ਮਿਨਹ ਸਰਣੀ ਦਾ ਪੁਰਾਣਾ ਨਾਂ ਹੈਰਿੰਗਟਨ ਸਟ੍ਰੀਟ ਸੀ। ਕਮੇਟੀ ਦੇ ਪ੍ਰਸਤਾਵਾਂ ਨੂੰ ਵਿਚਾਰ-ਵਟਾਂਦਰੇ ਤੋਂ ਬਾਅਦ ਸੂਬਾ ਸਰਕਾਰ ਅਤੇ ਵਿਧਾਨ ਸਭਾ ਦੇ ਸਾਹਮਣੇ ਭੇਜਿਆ ਜਾਣਾ ਹੈ, ਅਜਿਹੇ ’ਚ ਫਿਲਹਾਲ ਇਨ੍ਹਾਂ ਸੜਕਾਂ ਦੇ ਨਾਂ ਬਦਲੇ ਨਹੀਂ ਹਨ। ਪ੍ਰਸਤਾਵਿਤ ਬਦਲਾਅ ਨੇ ਕੋਲਕਾਤਾ ਦੀ ਰਾਜਨੀਤਕ ਵਿਰਾਸਤ, ਇਤਿਹਾਸ ਅਤੇ ਜਨਤਕ ਸਥਾਨਾਂ ਦੇ ਨਾਵਾਂ ਨੂੰ ਲੈ ਕੇ ਬਹਿਸ ਨੂੰ ਫਿਰ ਤੇਜ਼ ਕਰ ਦਿੱਤਾ ਹੈ।

