100-meter-long steel bridge weighing 1,405 metric tonnes installed for the bullet train in Maharashtra
ਮਹਾਰਾਸ਼ਟਰ ‘ਚ ਬੁਲੇਟ ਟ੍ਰੇਨ ਲਈ ਲੱਗਾ 100 ਮੀਟਰ ਲੰਬਾ ਤੇ 1405 ਮੀਟ੍ਰਿਕ ਟਨ ਭਾਰਾ ਸਟੀਲ ਬ੍ਰਿਜ
Mumbai, (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰਾਜੈਕਟ ਲਈ 100 ਮੀਟਰ ਲੰਬੇ ਅਤੇ 1,405 ਮੀਟ੍ਰਿਕ ਟਨ ਵਜ਼ਨੀ ਸਟੀਲ ਦੇ ਪੁਲ ਨੂੰ ਸਥਾਪਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਜੈਕਟ ਹੇਠ ਮਹਾਰਾਸ਼ਟਰ ’ਚ ਸਥਾਪਤ ਕੀਤਾ ਗਿਆ ਸਟੀਲ ਦਾ ਇਹ ਪਹਿਲਾ ਪੁਲ ਹੈ। ਨੈਸ਼ਨਲ ਹਾਈ-ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨ. ਐੱਚ. ਐੱਸ. ਆਰ. ਸੀ. ਐੱਲ.) ਵੱਲੋਂ ਜਾਰੀ ਪ੍ਰੈੱਸ ਨੋਟ ’ਚ ਕਿਹਾ ਗਿਆ ਹੈ ਕਿ 14 ਮੀਟਰ ਉੱਚੇ ਅਤੇ ਇੰਨੇ ਹੀ ਮੀਟਰ ਚੌੜੇ ਇਸ ਪੁਲ ਨੂੰ ਠਾਣੇ ਦੇ ਭਿਵੰਡੀ ਖੇਤਰ ਦੇ ਦੀਵੇ-ਅੰਜੁਰ ਪਿੰਡ ’ਚ ਰਾਸ਼ਟਰੀ ਰਾਜਮਾਰਗ-3 ’ਤੇ ਸਥਾਪਤ ਕੀਤਾ ਗਿਆ ਹੈ। ਇਸ ਪੁਲ ਨੂੰ ਸਥਾਪਤ ਕੀਤੇ ਜਾਣ ਦੇ ਨਾਲ ਹੀ ਪੂਰੇ ਬੁਲੇਟ ਟ੍ਰੇਨ ਗਲਿਆਰੇ ’ਚ ਪ੍ਰਸਤਾਵਿਤ ਕੁੱਲ 28 ਪੁਲਾਂ ’ਚੋਂ 16 ਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਪੁਲ ਨੂੰ ਤਾਮਿਲਨਾਡੂ ਦੇ ਤ੍ਰਿਚੀ ’ਚ ਤਿਆਰ ਕੀਤਾ ਗਿਆ ਅਤੇ 1,300 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਟ੍ਰੇਲਰਾਂ ਰਾਹੀਂ ਮਹਾਰਾਸ਼ਟਰ ਲਿਆਂਦਾ ਗਿਆ ਅਤੇ ਇਸ ਨੂੰ ਸਥਾਪਤ ਕਰਨ ਲਈ ਮੌਕੇ ’ਤੇ ਜੋੜ ਕੇ ਤਿਆਰ ਕੀਤਾ ਗਿਆ। ਪੁਲ ’ਚ ਟਿਕਾਊਪਣ ਵਧਾਉਣ ਅਤੇ ਕੰਪਨ ਨੂੰ ਕੰਟਰੋਲ ਕਰਨ ਲਈ ਸੁਰੱਖਿਆਤਮਕ ‘ਪੇਂਟਿੰਗ’ ਪ੍ਰਣਾਲੀ ਅਤੇ ‘ਇਲਾਸਟੋਮੈਰਿਕ ਬੇਅਰਿੰਗ’ ਵੀ ਲਗਾਏ ਗਏ ਹਨ।

